Monday, 6 October 2014

Kafia Baba Bullhe Shah Part(VII)80-120

                                               ਕਾਫ਼ੀਆ ਬਾਬਾ ਬੁੱਲ੍ਹੇ ਸਾਹ ਜੀ ਭਾਗ(ਸੱਤਵਾਂ)

81. ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ

ਪੈਰੋਂ ਨੰਗੀ ਸਿਰੋਂ ਝੰਡੋਲੀ ਸੁਨੇਹਾ ਆਇਆ ਪਾਰੋਂ,
ਤੜਬਰਾਟ ਕੁਝ ਬਣਦਾ ਨਾਹੀਂ ਕੀ ਲੈਸਾਂ ਸੰਸਾਰੋਂ,
ਮੈਂ ਪਕੜਾਂ ਛਜਨੀ (ਛਜਲੀ) ਹਿਰਸ ਉਡਾਵਾਂ ਛੱਟਾ ਮਾਲਗੁਜ਼ਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਹਿੰਦੂ ਤੁਰਕ ਨਾ ਹੁੰਦੇ ਐਸੇ ਦੋ ਜਰਮੇ ਤਰੈ ਜਰਮੇ,
ਹਰਾਮ ਹਲਾਲ ਪਛਾਤਾ ਨਾਹੀਂ ਅਸੀਂ ਦੋਹਾਂ ਤੇ ਨਹੀਂ ਭਰਮੇ,
ਗੁਰੂ ਪੀਰ ਦੀ ਪਰਖ ਅਸਾਂਨੂੰ ਸਭਨਾਂ ਤੋਂ ਸਿਰ ਵਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਘੁੰਡੀ ਮੁੰਡੀ ਦਾ ਬੁਹਲ ਬਹਾਇਆ ਬਖਰਾ ਲਿਆ ਦੀਦਾਰੋਂ,
ਘੁੰਡ ਮੁੱਖ ਪੀਆ ਤੋਂ ਲਾਹਿਆ ਸ਼ਰਮ ਰਹੀਂ ਦਰਬਾਰੋਂ,
ਬੁੱਲ੍ਹਾ ਸ਼ਹੁ ਦੇ ਹੋ ਕੇ ਰਹੀਏ ਛੁੱਟ ਗਏ ਕਾਰ ਬਗਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।

82. ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ

ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਧਿਆਨ ਕੀ ਛੱਜਲੀ ਗਿਆਨ ਕਾ ਕੂੜਾ ਕਾਮ ਕ੍ਰੋਧ ਨਿੱਤ ਝਾੜੂੰ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਕਾਜ਼ੀ ਜਾਣੇ ਹਾਕਮ ਜਾਣੇ ਫਾਰਗ-ਖ਼ਤੀ ਬੇਗਾਰੋਂ,
ਦਿਨੇ ਰਾਤ ਮੈਂ ਏਹੋ ਮੰਗਦੀ ਦੂਰ ਨਾ ਕਰ ਦਰਬਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਤੁੱਧ ਬਾਝੋਂ ਮੇਰਾ ਹੋਰ ਨਾ ਕੋਈ ਕੈਂ ਵੱਲ ਕਰੂੰ ਪੁਕਾਰੋਂ,
ਬੁੱਲ੍ਹਾ ਸ਼ਹੁ ਇਨਾਇਤ ਕਰਕੇ ਬਖਰਾ ਮਿਲੇ ਦੀਦਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।

83. ਮੈਂ ਗੱਲ ਓਥੇ ਦੀ ਕਰਦਾ ਹਾਂ

ਮੈਂ ਗੱਲ ਓਥੇ ਦੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾਲ ਰੂਹਾਂ ਦੇ ਲਾਰਾ ਲਾਇਆ, ਤੁਸੀਂ ਚਲੋ ਮੈਂ ਨਾਲੇ ਆਇਆ,
ਏਥੇ ਪਰਦਾ ਚਾ ਬਣਾਇਆ, ਮੈਂ ਭਰਮ ਭੁਲਾਇਆ ਫਿਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾਲ ਹਾਕਮ ਦੇ ਖੇਲ ਅਸਾਡੀ, ਜੇ ਮੈਂ ਮੀਰੀ ਤਾਂ ਮੈਂ ਫਾਡੀ,
ਧਰੀ ਧਰਾਈ ਪੂੰਜੀ ਤੁਹਾਡੀ, ਮੈਂ ਅਗਲਾ ਲੇਖਾ ਭਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਦੇ ਪੂੰਜੀ ਮੂਰਖ ਝੁੰਜਲਾਇਆ, ਮਗਰ ਚੋਰਾਂ ਦੇ ਪੈੜਾ ਲਾਇਆ,
ਚੋਰਾਂ ਦੀ ਮੈਂ ਪੈੜ ਲਿਆਇਆ, ਹਰ ਸ਼ਬ ਧਾੜੇ ਧੜਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾ ਨਾਲ ਮੇਰੇ ਉਹ ਰੱਸਦਾ ਏ, ਨਾ ਮਿੰਨਤ ਕੀਤੀ ਸੱਜਦਾ ਏ,
ਜਾਂ ਮੁੜ ਬੈਠਾਂ ਤਾਂ ਭੱਜਦਾ ਏ, ਮੁੜ ਮਿੰਨਤਜ਼ਾਰੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਕੀ ਸੁੱਖ ਪਾਇਆ ਮੈਂ ਆਣ ਇਥੇ, ਨਾ ਮੰਜ਼ਲ ਨਾ ਡੇਰੇ ਜਿੱਥੇ,
ਘੰਟਾ ਕੂਚ ਸੁਣਾਵਾਂ ਕਿੱਥੇ, ਨਿੱਤ ਊਠ ਕਚਾਵੇ ਕੜਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਬੁੱਲ੍ਹੇ ਸ਼ਾਹ ਬੇਅੰਤ ਡੂੰਘਾਈ, ਦੋ ਜਗ ਬੀਚ ਨਾ ਲੱਗਦੀ ਕਾਈ,
ਉਰਾਰ ਪਾਰ ਦ ਖ਼ਬਰ ਨਾ ਕਾਈ, ਮੈਂ ਬੇ ਸਿਰ ਪੈਰੀਂ ਤਰਦਾ ਹਾਂ ।
ਮੈਂ ਗੱਲ ਓਥੇ ਦੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।

84. ਮੈਂ ਕੁਸੁੰਬੜਾ ਚੁਣ ਚੁਣ ਹਾਰੀ

ਏਸ ਕੁਸੁੰਬੇ ਦੇ ਕੰਡੇ ਭਲੇਰੇ ਅੜ ਅੜ ਚੁੰਨੜੀ ਪਾੜੀ ।
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ ।
ਹੋਰਨਾਂ ਚੁਗਿਆ ਫੂਹਿਆ-ਫੂਹਿਆ ਮੈਂ ਭਰ ਲਈ ਪਟਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਚੁੱਗ ਚੁੱਗ ਕੇ ਮੈਂ ਢੇਰੀ ਕੀਤਾ ਲੱਥੇ ਆਣ ਬਪਾਰੀ ।
ਔਖੀ ਘਾਟੀ ਮੁਸ਼ਕਲ ਪੈਂਡਾ ਸਿਰ ਪਰ ਗੱਠੜੀ ਭਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਅਮਲਾਂ ਵਾਲੀਆਂ ਸਭ ਲੰਘ ਗਈਆਂ ਰਹਿ ਗਈ ਔਗੁਣਹਾਰੀ ।
ਸਾਰੀ ਉਮਰਾ ਖੇਡ ਗਵਾਈ ਓੜਕ ਬਾਜ਼ੀ ਹਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ ਹੁਣ ਕਿਉਂ ਯਾਰ ਵਿਸਾਰੀ ।
ਇੱਕੋ ਘਰ ਵਿਚ ਵਸਦੀਆਂ ਰਸਦੀਆਂ ਹੁਣ ਕਿਉਂ ਰਹੀ ਨਯਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਮੈਂ ਕਮੀਨੀ ਕੁਚੱਜੀ ਕੋਹਜੀ ਬੇਗੁਣ ਕੌਣ ਵਿਚਾਰੀ ।
ਬੁੱਲ੍ਹਾ ਸ਼ੌਹ ਦੇ ਲਾਇਕ ਨਾਹੀਂ ਸ਼ਾਹ ਇਨਾਇਤ ਤਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।

85. ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ

ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਲੋਕੀਂ ਸੱਜਦਾ ਕਾਅਬੇ ਨੂੰ ਕਰਦੇ ਸਾਡਾ ਸੱਜਦਾ ਯਾਰ ਪਿਆਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਅਉਗਣ ਵੇਖ ਨਾ ਭੁੱਲ ਮੀਆਂ ਰਾਂਝਾ ਯਾਦ ਕਰੀਂ ਏਸ ਕਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਮੈਂ ਮਨਤਾਰੂ ਤਰਨ ਨਾ ਜਾਣਾਂ ਸ਼ਰਮ ਪਈ ਤੁੱਧ ਤਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਤੇਰਾ ਸਾਨੀ ਕੋਈ ਨਹੀਂ ਮਿਲਿਆ ਢੂੰਡ ਲਿਆ ਜੱਗ ਸਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ ਤਾਰੇ ਅਉਗਣਹਾਰੇ ਨੂੰ ।
ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।

86. ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ

ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਕੋਈ ਮੁਨਸੱਫ ਹੋ ਨਿਰਵਾਰੇ ਤਾਂ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਆਲਮ-ਫਾਜ਼ਲ ਮੇਰੇ ਭਾਈ ਪਾ ਪੜ੍ਹਿਆਂ ਮੇਰੀ ਅਕਲ ਗਵਾਈ,
ਦੇ ਇਸ਼ਕ ਦੇ ਹੁਲਾਰੇ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।

87. ਮੈਂ ਪਾਇਆ ਏ ਮੈਂ ਪਾਇਆ ਏ

ਮੈਂ ਪਾਇਆ ਏ ਮੈਂ ਪਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਤਰਕ ਕਿਤਾਬਾਂ ਪੜ੍ਹਤੇ ਹੋ, ਕਹੂੰ ਭਗਤ ਹਿੰਦੂ ਜਪ ਕਰਤੇ ਹੋ,
ਕਹੂੰ ਗੋਰਕੰਡੀ ਵਿਚ ਪੜਤੇ ਹੋ, ਹਰ ਘਰ ਘਰ ਲਾਡ ਲਡਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਿਤੇ ਵੈਰੀ ਹੋ ਕਿਤੇ ਬੇਲੀ ਹੋ, ਕਿਤੇ ਆਪ ਗੁਰੂ ਕਿਤੇ ਚੇਲੀ ਹੋ,
ਕਿਤੇ ਮਜਨੂ ਹੋ ਕਿਤੇ ਲੇਲੀ ਹੋ, ਹਰ ਘਟ ਘਟ ਬੀਚ ਸਮਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਗਾਫ਼ਲ ਕਹੂੰ ਨਮਾਜ਼ੀ ਹੋ, ਕਹੂੰ ਮਿੰਬਰ ਤੇ ਬਹਿ ਕਾਜ਼ੀ ਹੋ,
ਕਹੂੰ ਤੇਗ਼ ਬਹਾਦੁਰ ਗ਼ਾਜ਼ੀ ਹੋ, ਕਹੂੰ ਆਪਣਾ ਪੰਥ ਬਣਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਮਸਜਦ ਦਾ ਵਰਤਾਰਾ ਏ, ਕਹੂੰ ਬਣਿਆ ਠਾਕੁਰਦੁਆਰਾ ਏ,
ਕਹੂੰ ਬੈਰਾਗੀ ਜਟ ਧਾਰਾ ਏ, ਕਹੂੰ ਸ਼ੈਖਨ ਬਣ ਬਣ ਆਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਬੁੱਲ੍ਹਾ ਸ਼ਹੁ ਦਾ ਮੈਂ ਮੁਹਤਾਜ ਹੋਇਆ, ਮਹਾਰਾਜ ਮਿਲੇ ਮੇਰਾ ਕਾਜ ਹੋਇਆ,
ਮੁਝੇ ਪੀਆ ਕਾ ਦਰਸ ਮਿਅਰਾਜ ਹੋਇਆ, ਲੱਗਾ ਇਸ਼ਕ ਤਾਂ ਇਹ ਗੁਣ ਗਾਇਆ ਏ ।
ਮੈਂ ਪਾਇਆ ਏ ਮੈਂ ਪਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।

88. ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ

ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਭੁੱਲੇ ਰਹੇ ਨਾਮ ਨਾ ਜਪਿਆ, ਗ਼ਫਲਤ ਅੰਦਰ ਯਾਰ ਹੈ ਛਪਿਆ,
ਉਹ ਸਿਧ ਪੁਰਖਾ ਤੇਰੇ ਅੰਦਰ ਵਸਿਆ, ਲਗੀਆਂ ਨਫ਼ਸ ਦੀਆਂ ਚਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਜਪ ਲੈ ਨਾ ਹੋ ਭੋਲੀ ਭਾਲੀ, ਮਤ ਤੂੰ ਸਾਏਂ ਮੁੱਖ ਮੁਕਾਲੀ,
ਉਲਟੀ ਪ੍ਰੇਮ ਨਗਰ ਦੀ ਚਾਲੀ, ਭੜਕਣ ਇਸ਼ਕ ਦੀਆਂ ਲਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਭੋਲੀ ਨਾ ਹੋ, ਹੋ ਸਿਆਣੀ, ਇਸ਼ਕ ਨੂਰ ਦਾ ਭਰ ਲੈ ਪਾਣੀ,
ਇਸ ਦੁਨੀਆਂ ਦੀ ਛੋੜ ਕਹਾਣੀ, ਇਹ ਯਾਰ ਮਿਲਣ ਦੀਆਂ ਘਾਤਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਬੁੱਲ੍ਹਾ ਰੱਬ ਬਣ ਬੈਠੋਂ ਆਪੇ, ਤਦ ਦੁਨੀਆਂ ਦੇ ਪਏ ਸਿਆਪੇ,
ਦੂਤੀ ਵਿਹੜਾ, ਦੁਸ਼ਮਨ ਮਾਪੇ, ਸਭ ਕੜਕ ਪਈਆਂ ਆਫਾਤਾਂ ਨੀ ।
ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।

89. ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ

ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ ।
ਰਾਤੀਂ ਨੀਂਦ ਨਾ ਦਿਨ ਸੁੱਖ ਸੁੱਤੀ ਅੱਖੀਂ ਪਲਟਿਆ ਨੀਰ ।
ਛਵੀਆਂ (ਤੋਪਾਂ) ਤੇ ਤਲਵਾਰਾਂ ਕੋਲੋਂ ਇਸ਼ਕ ਦੇ ਤਿੱਖੇ ਤੀਰ ।
ਇਸ਼ਕੇ ਜੇਡ ਨਾ ਜ਼ਾਲਮ ਕੋਈ ਇਹ ਜ਼ਹਿਮਤ ਬੇਪੀਰ ।
ਇਕ ਪਲ ਸਾਇਤ ਆਰਾਮ ਨਾ ਆਵੇ ਬੁਰੀ ਬ੍ਰਿਹੋਂ ਦੀ ਪੀੜ ।
ਬੁੱਲ੍ਹਾ ਸ਼ਹੁ ਜੇ ਕਰੇ ਅਨਾਇਤ ਦੁੱਖ ਹੋਵਣ ਤਗ਼ਈਰ ।
ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ ।

90. ਮੈਨੂੰ ਦਰਦ ਅਵੱਲੜੇ ਦੀ ਪੀੜ

ਮੈਨੂੰ ਦਰਦ ਅਵੱਲੜੇ ਦੀ ਪੀੜ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਆ ਮੀਆਂ ਰਾਂਝਾ ਦੇ ਦੇ ਨਜ਼ਾਰਾ ਮੁਆਫ਼ ਕਰੀਂ ਤਕਸੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਤਖ਼ਤ ਹਜ਼ਾਰਿਉਂ ਰਾਂਝਾ ਟੁਰਿਆ ਹੀਰ ਨਿਮਾਣੀ ਦਾ ਪੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਹੋਰਨਾਂ ਦੇ ਨੌਸ਼ਹੁ ਆਵੇ ਜਾਵੇ ਕੀ ਬੁੱਲ੍ਹੇ ਵਿਚ ਤਕਸੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।

91. ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ

ਮੈਂ ਜੋ ਤੈਨੂੰ ਆਖਿਆ ਕੋਈ ਘੱਲ ਸੁਨੇਹੜਾ ।
ਚਸ਼ਮਾਂ ਸੇਜ ਵਿਛਾਈਆਂ ਦਿਲ ਕੀਤਾ ਡੇਰਾ ।
ਲਟਕ ਚਲੇਂਦਾ ਆਂਵਦਾ ਸ਼ਾਹ ਇਨਾਇਤ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਉਹ ਅਜਿਹਾ ਕੌਣ ਹੈ ਜਾ ਆਖੇ ਜਿਹੜਾ ।
ਮੈਂ ਵਿਚ ਕੀ ਤਕਸੀਰ ਹੈ ਮੈਂ ਬਰਦਾ ਤੇਰਾ ।
ਤੈਂ ਬਾਝੋਂ ਮੇਰਾ ਕੌਣ ਹੈ ਦਿਲ ਢਾ ਨਾ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਦਸਤ ਕੰਗਣ ਬਾਹੀਂ ਚੂੜੀਆਂ ਗਲ ਨੌਰੰਗ ਚੋਲਾ ।
ਮਾਹੀ ਮੈਨੂੰ ਕਰ ਗਿਆ ਕੋਈ ਰਾਵਲ ਰੌਲਾ ।
ਜਲ ਥਲ ਆਹੀਂ ਮਾਰਦੀਆਂ ਦਿਲ ਪੱਥਰ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਕਿਆ ਤੇਰੀ ਮਾਂਗ ਸੰਧੂਰ ਭਰੀ ਸੋਹੇ ਰਤੜਾ ਚੋਲਾ ।
ਪਈ ਵਾਂਗ ਸਮੀਂ ਮੈਂ ਕੂਕਦੀ ਕਰ ਢੋਲਾ ਢੋਲਾ ।
ਅਣਗਿਣਵੇਂ ਸੂਲਾਂ ਪਾ ਲਿਆ ਸੂਲਾਂ ਦਾ ਖੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮੈਂ ਜਾਤਾ ਦੁੱਖ ਘਰ ਆਪਣੇ ਦੁੱਖ ਪੈ ਘਰ ਕਈਆਂ ।
ਜਿਹਾ ਸਿਰ ਸਿਰ ਭਾਂਬੜ ਭੜਕਿਆ ਸਭ ਟੱਪਦੀਆਂ ਗਈਆਂ ।
ਹੁਣ ਆਣ ਪਈ ਸਿਰ ਆਪਣੇ ਸਭ ਚੁੱਕ ਗਿਆ ਝੇੜਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਜਿਹੜੀਆਂ ਸਾਹਵਰੇ ਮੱਤੀਆਂ ਸੋਈ ਪੇਕੇ ਹੋਵਣ ।
ਸ਼ਹੁ ਜਿਨ੍ਹਾਂ ਦੇ ਕਾਇਲ ਏ ਚੜ੍ਹ ਸੇਜੇ ਸੋਵਣ ।
ਜਿਸ ਘਰ ਕੌਂਤ ਨਾ ਬੋਲਿਆ ਸੋਈ ਖਾਲੀ ਵੇੜ੍ਹਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮੈਂ ਢੂੰਡ ਸ਼ਹਿਰ ਭਾਲਿਆ ਘੱਲਾਂ ਕਾਸਦ ਕਿਹੜਾ ।
ਹੁਣ ਚੜ੍ਹੀਆਂ ਡੋਲੀ ਪ੍ਰੇਮ ਦੀ ਦਿਲ ਧੜਕੇ ਮੇਰਾ ।
ਦਿਲਦਾਰ ਮੁਹੰਮਦ ਆਰਬੀ ਹੱਥ ਪਕੜੀਂ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਪਹਿਲੀ ਪਉੜੀ ਉਤਰੀ ਪੁਲ-ਸਰਾਤੇ ਡੇਰਾ ।
ਹਾਜੀ ਮੱਕੇ ਜਾਹੁਣ ਮੈਂ ਮੁੱਖ ਵੇਖਾਂ ਤੇਰਾ ।
ਆ ਇਨਾਇਤ ਕਾਦਰੀ ਦਿਲ ਚਾਹੇ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਪਹਿਲੀ ਰਾਤ ਹੈ ਸਾਲ ਦੀ ਦਿਲ ਖੌਫ਼ੇ ਮੇਰਾ ।
ਡੂੰਘੀ ਗੋਰ ਕਢੇਂਦਿਆ ਹੋਇਆ ਲਹਿਦੋਂ ਡੇਰਾ ।
ਪਹਿਲਾ ਬੰਦ ਖੋਲ੍ਹਦਿਆਂ ਮੂੰਹ ਕਾਅਬੇ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮਿਲੀ ਹੈ ਬਾਂਗ ਰਸੂਲ ਦੀ ਫੁੱਲ ਖਿੜਿਆ ਮੇਰਾ ।
ਸਦਾ ਹੋਇਆ ਮੈਂ ਹਾਜ਼ਰੀ ਹਾਂ ਹਾਜ਼ਰ ਤੇਰਾ ।
ਹਰ ਪਲ ਤੇਰੀ ਹਾਜ਼ਰੀ ਇਹੋ ਸਜਦਾ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਬੁੱਲ੍ਹਾ ਭੜਕਣ ਸ਼ਹੁ ਲਈ ਸੀਨੇ ਵਿਚ ਭਾਹੀਂ ।
ਔਖਾ ਪੈਂਡਾ ਪ੍ਰੇਮ ਦਾ ਸੋ ਘਟਦਾ ਨਾਹੀਂ ।
ਪੈ ਧੱਕੇ ਦਿਲ ਵਿਚ ਝੇੜ ਦੇ ਸਿਰ ਧਾਈਂ ਬੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।

92. ਮੈਨੂੰ ਇਸ਼ਕ ਹੁਲਾਰੇ ਦੇਂਦਾ

ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਮੂੰਹ ਚੜ੍ਹਿਆ ਯਾਰ ਬੁਲੇਂਦਾ ।
ਕੀ ਪੁੱਛਦਾ ਹੈਂ ਕੀ ਜ਼ਾਤ ਸੱਫ਼ਾਤ ਮੇਰੀ, ਉਹੋ ਆਦਮ ਵਾਲੀ ਜ਼ਾਤ ਮੇਰੀ,
ਨਹੁਨ-ਅਕਰਬ ਦੇ ਵਿਚ ਘਾਤ ਮੇਰੀ, ਵਿਚ ਰੱਬ ਦਾ ਸਿਰ ਝੁਲੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਕਿਤੇ ਸ਼ੀਆ ਤੇ ਕਿਤੇ ਸੁੰਨੀ ਏ, ਕਿਤੇ ਜਟਾਧਾਰੀ ਕਿਤੇ ਮੁੰਨੀ ਏ,
ਮੇਰੀ ਸਭ ਸੇ ਫ਼ਾਰਗ ਕੁੰਨੀ ਏ, ਜੋ ਕਹਾਂ ਸੋ ਯਾਰ ਮਨੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਬੁੱਲ੍ਹਾ ਦੂਰੋਂ ਚਲ ਕੇ ਆਇਆ ਜੀ, ਉਹਦੀ ਸੂਰਤ ਨੇ ਭਰਮਾਇਆ ਜੀ,
ਓਸੇ ਪਾਕ ਜਮਾਲ ਵਿਖਾਇਆ ਜੀ, ਉਹ ਹਿੱਕ ਦਮ ਨਾ ਭੁਲੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਮੂੰਹ ਚੜ੍ਹਿਆ ਯਾਰ ਬੁਲੇਂਦਾ ।

93. ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ

ਮੈਨੂੰ ਕੀ ਹੋਇਆ ਕਿਉਂ ਮੈਨੂੰ ਕਮਲੀ ਕਹਿੰਦੀ ਹੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਮੈਂ ਵਿਚ ਵੇਖਾਂ ਤਾਂ ਮੈਂ ਨਹੀਂ ਹੁੰਦੀ ਮੈਂ ਵਿਚ ਦਿਸਨਾ ਏਂ ਮੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਸਿਰ ਤੋਂ ਪੈਰ ਤੀਕਰ ਵੀ ਤੂੰ ਹੈਂ ਅੰਦਰ ਬਾਹਰ ਹੈਂ ਤੂੰ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਛੁੱਟ ਪਈ ਉਰਾਰੋਂ ਪਾਰੋਂ ਨਾ ਬੇੜੀ ਨਾ ਨੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਮਨਸੂਰ ਪਿਆਰੇ ਕਿਹਾ ਅਨਲਹੱਕ ਕਹੋ ਕਹਾਇਆ ਕੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਬੁੱਲ੍ਹਾ ਸ਼ਹੁ ਓਸੇ ਦਾ ਆਸ਼ਕ ਆਪਣਾ ਆਪ ਵੰਜਾਇਆ ਤੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।

94. ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ

ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ,
ਪਾਂਧੀਆ ਹੋ ।
ਮੈਂ ਕੁਬੜੀ ਮੈਂ ਡੁਬੜੀ ਹੋਈਆਂ,
ਮੇਰੇ ਸਭ ਦੁੱਖੜੇ ਬਤਲਾਵੀਂ ਵੇ ।
ਪਾਂਧੀਆ ਹੋ ।
ਖੁਲ੍ਹੀਆਂ ਲਿਟਾਂ ਗਲ ਦਸਤ ਪਰਾਂਦਾ,
ਇਹ ਗੱਲ ਆਖੀਂ ਨਾ ਸ਼ਰਮਾਵੀਂ ਵੇ ।
ਪਾਂਧੀਆ ਹੋ ।
ਇੱਕ ਲੱਖ ਦੇਂਦੀ ਮੈਂ ਦੋ ਲੱਖ ਦੇਸਾਂ,
ਮੈਨੂੰ ਪਿਆਰਾ ਆਣ ਮਿਲਾਵੀਂ ਵੇ ।
ਪਾਂਧੀਆ ਹੋ ।
ਯਾਰਾਂ ਲਿਖ ਕਿਤਾਬਤ ਭੇਜੀ,
ਕਿਤੇ ਗੋਸ਼ੇ ਬਹਿ ਸਮਝਾਵੀਂ ਵੇ ।
ਪਾਂਧੀਆ ਹੋ ।
ਬੁੱਲ੍ਹਾ ਸ਼ਹੁ ਦੀਆਂ ਮੁੜਨ ਮੁਹਾਰਾਂ,
ਲਿਖ ਪੱਤੀਆਂ ਤੂੰ ਝਬ ਪਾਵੀਂ ਵੇ ।
ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ,
ਪਾਂਧੀਆ ਹੋ ।

95. ਮੈਂ ਵਿਚ ਮੈਂ ਨਾ ਰਹਿ ਗਈ ਰਾਈ

ਮੈਂ ਵਿਚ ਮੈਂ ਨਾ ਰਹਿ ਗਈ ਰਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਜਦ ਵਸਲ ਵਸਾਲ ਬਣਾਏਗਾ, ਤਦ ਗੁੰਗੇ ਦਾ ਗੁੜ ਖਾਏਗਾ,
ਸਿਰ ਪੈਰ ਨਾ ਆਪਣਾ ਪਾਏਗਾ, ਮੈਂ ਇਹ ਹੋਰ ਨਾ ਕਿਸੇ ਬਣਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਹੋਏ ਨੈਣ ਨੈਣਾਂ ਦੇ ਬਰਦੇ, ਦਰਸ਼ਨ ਸੈ ਕੋਹਾਂ ਤੋਂ ਕਰਦੇ,
ਪੱਲ ਪੱਲ ਦੌੜਨ ਮਾਰੇ ਡਰਦੇ, ਤੈਂ ਕੋਈ ਲਾਲਚ ਘਤ ਭਰਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਹੁਣ ਅਸਾਂ ਵਹਦਤ ਵਿਚ ਘਰ ਪਾਇਆ, ਵਾਸਾ ਹੈਰਤ ਦੇ ਸੰਗ ਆਇਆ,
ਜੀਵਨ ਜੰਮਣ ਮਰਨ ਵੰਜਾਇਆ, ਆਪਣੀ ਸੁੱਧ ਬੁੱਧ ਰਹੀ ਨਾ ਕਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਮੈਂ ਜਾਤਾ ਸੀ ਇਸ਼ਕ ਸੁਖਾਲਾ, ਚਹੁੰ ਨਦੀਆਂ ਦਾ ਵਹਿਣ ਉਜਾਲਾ,
ਕਦੀ ਤੇ ਅੱਗ ਭੜਕੇ ਕਦੀ ਪਾਲਾ, ਨਿੱਤ ਬਿਰਹੋਂ ਅੱਗ ਲਗਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਡਿਹੋਂ ਡਿਹੋਂ ਇਸ਼ਕ ਨੱਕਾਰੇ ਵੱਜਦੇ, ਆਸ਼ਕ ਵੇਖ ਉਤੇ ਵੱਲ ਭੱਜਦੇ,
ਤੜ ਤੜ ਤਿੜਕ ਗਏ ਲੜ ਲੱਜਦੇ, ਲੱਗ ਗਿਆ ਨਿਹੁੰ ਤਾਂ ਸ਼ਰਮ ਸਿਧਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਪਿਆਰੇ ਬੱਸ ਕਰ ਬਹੁਤੀ ਹੋਈ, ਤੇਰਾ ਇਸ਼ਕ ਮੇਰੀ ਦਿਲਜੋਈ,
ਤੈਂ ਬਿਨ ਮੇਰਾ ਸੱਕਾ ਨਾ ਕੋਈ, ਅੰਮਾਂ ਬਾਬਲ ਭੈਣ ਨਾ ਭਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਕਦੀ ਜਾ ਅਸਮਾਨੀ ਬਹਿੰਦੇ ਹੋ, ਕਦੀ ਇਸ ਜੱਗ ਦਾ ਦੁੱਖ ਸਹਿੰਦੇ ਹੋ,
ਕਦੀ ਪੀਰੇਮੁਗ਼ਾਂ ਬਣ ਬਹਿੰਦੇ ਹੋ, ਮੈਂ ਤਾਂ ਇਕਸੇ ਨਾਚ ਨਚਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੇਰੇ ਹਿਜਰੇ ਵਿਚ ਮੇਰਾ ਹੁਜਰਾ ਏ, ਦੁੱਖ ਡਾਢਾ ਮੈਂ ਪਰ ਗੁਜ਼ਰਾ ਏ,
ਕਦੇ ਹੋ ਮਾਇਲ ਮੇਰਾ ਮੁਜਰਾ ਏ, ਮੈਂ ਤੈਥੋਂ ਘੋਲ ਘੁਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੁਧ ਕਾਰਨ ਮੈਂ ਐਸਾ ਹੋਇਆ, ਤੂੰ ਦਰਵਾਜ਼ੇ ਬੰਦ ਕਰ ਸੋਇਆ,
ਦਰ ਦਸਵੇਂ ਤੇ ਆਣ ਖਲੋਇਆ, ਕਦੇ ਮੰਨ ਮੇਰੀ ਆਸ਼ਨਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਬੁੱਲ੍ਹਾ ਸ਼ਹੁ ਮੈਂ ਤੇਰੇ ਵਾਰੇ ਹਾਂ, ਮੁੱਖ ਵੇਖਣ ਦੇ ਵਣਜਾਰੇ ਹਾਂ,
ਕੁਝ ਅਸੀਂ ਵੀ ਤੈਨੂੰ ਪਿਆਰੇ ਹਾਂ, ਕਿ ਮੈਂ ਐਵੇਂ ਘੋਲ ਘੁਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।

96. ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ

ਮੈਂ ਵੈਸਾਂ ਨਾ ਰਹਿਸਾਂ ਹੋੜੇ, ਕੌਣ ਕੋਈ ਮੈਂ ਜਾਂਦੀ ਨੂੰ ਮੋੜੇ,
ਮੈਨੂੰ ਮੁੜਨਾ ਹੋਇਆ ਮੁਹਾਲ, ਸਿਰ ਤੇ ਮਿਹਣਾ ਚਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਹੀਂ ਇਹ ਦਿਲ ਦਾ ਮੀਤਾ, ਭੁੱਲ ਗਈ ਮੈਂ ਪਿਆਰ ਕਿਉਂ ਕੀਤਾ,
ਮੈਨੂੰ ਰਹੀ ਨਾ ਕੁਝ ਸੰਭਾਲ, ਉਸ ਦੇ ਦਰਸ਼ਨ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਮੈਨੂੰ ਕਹੀਆਂ ਲਾਈਆਂ, ਹੈਨ ਕਲੇਜੇ ਕੁੰਡੀਆਂ ਪਾਈਆਂ,
ਇਸ਼ਕ ਦਾ ਪਾਇਆ ਜਾਲ, ਮਿੱਠੀ ਬਾਤ ਸੁਣਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮੈਂ ਜੋਗੀ ਨੂੰ ਖ਼ੂਬ ਪਛਾਤਾ, ਲੋਕਾਂ ਮੈਨੂੰ ਕਮਲੀ ਜਾਤਾ,
ਲੁੱਟੀ ਝੰਗ ਸਿਆਲ, ਕੰਨੀਂ ਮੁੰਦਰਾਂ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੇ ਜੋਗੀ ਘਰ ਆਵੇ ਮੇਰੇ, ਮੁੱਕ ਜਾਵਣ ਸਭ ਝਗੜੇ ਝੇੜੇ,
ਲਾ ਸੀਨੇ ਦੇ ਨਾਲ, ਲੱਖ ਲੱਖ ਸ਼ਗਨ ਮਨਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮਾਏ ਨੀ ਇੱਕ ਜੋਗੀ ਆਇਆ, ਦਰ ਸਾਡੇ ਉਸ ਧੂੰਆਂ ਪਾਇਆ,
ਮੰਗਦਾ ਹੀਰ ਸਿਆਲ, ਬੈਠਾ ਭੇਸ ਵਟਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਤਅਨੇ ਨਾ ਦੇ ਫੁੱਫੀ ਤਾਈ, ਏਥੇ ਜੋਗੀ ਨੂੰ ਕਿਸਮਤ ਲਿਆਈ,
ਹੁਣ ਹੋਇਆ ਫ਼ਜ਼ਲ ਕਮਾਲ, ਆਇਆ ਹੈ ਜੋਗ ਸਿਧਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮਾਹੀ ਨਹੀਂ ਕੋਈ ਨੂਰ ਇਲਾਹੀ, ਅਨਹਦ ਦੀ ਜਿਸ ਮੁਰਲੀ ਵਾਹੀ,
ਮੁਠੀਓ ਸੂ ਹੀਰ ਸਿਆਲ, ਡਾਢੇ ਕਾਮਣ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ,
ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੂਰ ਚੜ੍ਹਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਅਬਦਹੂ ਰਸੂਲ ਕਹਾਇਆ, ਵਿਚ ਮਿਅਰਾਜ ਬੁੱਰਾਕ ਮੰਗਾਇਆ,
ਜਿਬਰਾਈਲ ਪਕੜ ਲੈ ਆਇਆ, ਹਰਾਂ ਮੰਗਲ ਗਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਦੇ ਸੁਣੋ ਅਖਾੜੇ, ਹਸਨ ਹੁਸੈਨ ਨਬੀ ਦੇ ਪਿਆਰੇ,
ਮਾਰਿਓ ਸੂ ਵਿਚ ਜੱਦਾਲ, ਪਾਣੀ ਬਿਨ ਤਰਸਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਦੀ ਸੁਣੋ ਕਹਾਣੀ, ਸੋਹਣੀ ਡੁੱਬੀ ਡੂੰਘੇ ਪਾਣੀ,
ਫਿਰ ਰਲਿਆ ਮਹੀਂਵਾਲ, ਸਾਰਾ ਰਖ਼ਤ ਲੁਟਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਡਾਂਵਾਂ ਡੋਲੀ ਲੈ ਚੱਲੇ ਖੇੜੇ, ਮੁੱਢ ਕਦੀਮੀਂ ਦੁਸ਼ਮਨ ਜਿਹੜੇ,
ਰਾਂਝਾ ਤਾਂ ਹੋਇਆ ਨਾਲ, ਸਿਰ 'ਤੇ ਟਮਕ ਧਰਾ ਸਜਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਹੀਂ ਕੋਈ ਦੂਜਾ ਸਾਇਆ, ਭਰ ਭਰ ਪਿਆਲਾ ਜ਼ੌਕ ਪਿਲਾਇਆ,
ਮੈਂ ਪੀ ਪੀ ਹੋਈ ਨਿਹਾਲ, ਅੰਗ ਭਬੂਤ ਰਮਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਾਲ ਕਰੇਂਦੇ ਝੇੜੇ, ਕੇਹੇ ਪਾ ਬੈਠੇ ਕਾਜ਼ੀ ਝੇੜੇ (ਭੈੜੇ),
ਵਿਚ ਕੈਦੋਂ ਪਾਈ ਮੁਕਾਲ, ਕੂੜਾ ਬਰਾ ਲਗਾ ਕੇ,
ਮੈਂ ਵੈਸਾ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਬੁੱਲ੍ਹਾ ਮੈਂ ਜੋਗੀ ਨਾਲ ਵਿਆਹੀ, ਲੋਕਾਂ ਕਮਲਿਆਂ ਖ਼ਬਰ ਨਾ ਕਾਈ,
ਮੈਂ ਜੋਗੀ ਦਾ ਮਾਲ, ਪੰਜੇ ਪੀਰ ਮਨਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।

97. ਮਨ ਅਟਕਿਉ ਸ਼ਾਮ ਸੁੰਦਰ ਸੋਂ

ਕਹੂੰ ਵੇਖੂੰ ਬਾਹਮਣ ਕਹੂੰ ਸੇਖਾ,
ਆਪ ਆਪ ਕਰਨ ਸਭ ਲੇਖਾ,
ਕਿਆ ਕਿਆ ਖੋਲਿਆ ਹੁਨਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਸੂਝ ਪੜੀ ਤਬ ਰਾਮ ਦੁਹਾਈ,
ਹਮ ਤੁਮ ਏਕ ਨਾ ਦੂਜਾ ਕਾਈ,
ਇਸ ਪ੍ਰੇਮ ਨਗਰ ਕੇ ਘਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਪੰਡਿਤ ਕੌਣ ਕਿਤ ਲਿਖ ਸੁਣਾਏ,
ਨਾ ਕਹੀਂ ਆਏ ਨਾ ਕਹੀਂ ਜਾਏ,
ਜੈਸੇ ਗੁਰ ਕਾ ਕੰਗਣ ਕਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਬੁੱਲ੍ਹਾ ਸ਼ਹੁ ਦੀ ਪੈਰੀਂ ਪੜੀਏ,
ਸੀਸ ਕਾਟ ਕਰ ਆਗੇ ਧਰੀਏ,
ਹੁਣ ਮੈਂ ਹਰ ਦੇਖਾ ਹਰ ਹਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।

98. ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ

ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।
ਇਸ਼ਕ ਸ਼ਰ੍ਹਾ ਦੀ ਲੱਗ ਗਈ ਬਾਜ਼ੀ, ਖੇਡਾਂ ਮੈਂ ਦਾਓ ਲਗਾ ਕੇ ।
ਮਾਰਨ ਬੋਲੀ ਤੇ ਬੋਲੀ ਨਾ ਬੋਲਾਂ, ਸੁਣਾਂ ਨਾ ਕੰਨ ਲਾ ਕੇ ।
ਵਿਹੜੇ ਵਿਚ ਸ਼ੈਤਾਨ ਨਚੇਂਦਾ, ਉਸ ਨੂੰ ਰੱਖ ਸਮਝਾ ਕੇ ।
ਤੋੜ ਸ਼ਰ੍ਹਾ ਨੂੰ ਜਿੱਤ ਲਈ ਬਾਜ਼ੀ, ਫਿਰਦੀ ਨੱਕ ਵਢਾ ਕੇ ।
ਮੈਂ ਵੇ ਅੰਜਾਣੀ ਖੇਡ ਵਿਗੁੱਚੀਆਂ, ਖੇਡਾਂ ਮੈਂ ਆਕੇ ਬਾਕੇ ।
ਇਹ ਖੇਡਾਂ ਹੁਣ ਲਗਦੀਆਂ ਝੇਡਾਂ, ਘਰ ਪੀਆ ਦੇ ਆ ਕੇ ।
ਸਈਆਂ ਨਾਲ ਮੈਂ ਪਾਵਾਂ ਗਿੱਧਾ, ਦਿਲਬਰ ਲੁੱਕ ਲੁੱਕ ਝਾਕੇ ।
ਪੁੱਛੋ ਨੀ ਇਹ ਕਿਉਂ ਸ਼ਰਮਾਂਦਾ, ਜਾਂਦਾ ਨਾ ਭੇਤ ਬਤਾ ਕੇ ।
ਕਾਫਰ ਕਾਫਰ ਆਖਣ ਤੈਨੂੰ, ਸਾਰੇ ਲੋਕ ਸੁਣਾ ਕੇ ।
ਮੋਮਨ ਕਾਫਰ ਮੈਨੂੰ ਦੋਵੇਂ ਨਾ ਦਿਸਦੇ, ਵਹਦਤ ਦੇ ਵਿਚ ਜਾ ਕੇ ।
ਚੋਲੀ ਚੁੰਨੀ ਤੇ ਫੁਕਿਆ ਝੱਗਾ, ਧੂਣੀ ਸ਼ਿਰਕ ਜਲਾ ਕੇ ।
ਵਾਰਿਆ ਕੁਫਰ ਵੱਡਾ ਮੈਂ ਦਿਲ ਥੀਂ, ਤਲੀ ਤੇ ਸੀਸ ਟਿਕਾ ਕੇ ।
ਮੈਂ ਵਡਭਾਗੀ ਮਾਰਿਆ ਖਾਵਿੰਦ, ਹੱਥੀਂ ਜ਼ਹਿਰ ਪਿਲਾ ਕੇ ।
ਵਸਲ ਕਰਾਂ ਮੈਂ ਨਾਲ ਸੱਜਣ ਦੇ, ਸ਼ਰਮ ਹਯਾ ਗਵਾ ਕੇ ।
ਵਿਚ ਚਮਨ ਮੈਂ ਪਲੰਘ ਵਿਛਾਇਆ, ਯਾਰ ਸੁੱਤੀ ਗਲ ਲਾ ਕੇ ।
ਸਿਰ ਦੇਹੀ ਨਾਲ ਮਿਲ ਗਈ ਸਿਰ ਦੇਹੀ, ਬੁੱਲ੍ਹਾ ਸ਼ਹੁ ਨੂੰ ਪਾ ਕੇ ।
ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।

99. ਮੇਰਾ ਰਾਂਝਾ ਹੁਣ ਕੋਈ ਹੋਰ

ਮੇਰਾ ਰਾਂਝਾ ਹੁਣ ਕੋਈ ਹੋਰ ।
ਤਖਤ ਮੁਨੱਵਰ ਬਾਂਗਾਂ ਮਿਲੀਆਂ,
ਤਾਂ ਸੁਣੀਆਂ ਤਖਤ ਲਾਹੌਰ ।
ਇਸ਼ਕ ਮਾਰੇ ਐਵੇਂ ਫਿਰਦੇ,
ਜਿਵੇਂ ਜੰਗਲ ਵਿਚ ਢੋਰ ।
ਰਾਂਝਾ ਤਖਤ ਹਜ਼ਾਰੇ ਦਾ ਸਾਈਂ,
ਹੁਣ ਓਥੋਂ ਹੋਇਆ ਚੋਰ ।
ਬੁੱਲ੍ਹਾ ਸ਼ਾਹ ਅਸੀਂ ਮਰਨਾ ਨਾਹੀਂ,
ਕਬਰ ਪਾਇ ਕੋਈ ਹੋਰ ।
ਮੇਰਾ ਰਾਂਝਾ ਹੁਣ ਕੋਈ ਹੋਰ ।

100. ਮੇਰੇ ਘਰ ਆਇਆ ਪੀਆ ਹਮਾਰਾ

ਵਾਹ ਵਾਹ ਵਾਹਦਤ ਕੀਨਾ ਸ਼ੋਰ, ਅਨਹਦ ਬਾਂਸਰੀ ਦੀ ਘੰਗੋਰ,
ਅਸਾਂ ਹੁਣ ਪਾਇਆ ਤਖਤ ਲਾਹੌਰ, ਮੇਰੇ ਘਰ ਆਇਆ ਪੀਆ ਹਮਾਰਾ ।
ਜਲ ਗਏ ਮੇਰੇ ਖੋਟ ਨਿਖੋਟ, ਲਗ ਗਈ ਪ੍ਰੇਮ ਸੱਚੇ ਦੀ ਚੋਟ,
ਹੁਣ ਸਾਨੂੰ ਓਸ ਖਸਮ ਦੀ ਓਟ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਕਿਆ ਕੰਨੇਂ ਸਾਲ ਵਸਾਲ, ਲਗ ਗਿਆ ਮਸਤ ਪਿਆਲਾ ਹਾਥ,
ਹੁਣ ਮੇਰੀ ਭੁੱਲ ਗਈ ਜ਼ਾਤ ਸੱਫਾਤ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਕਿਆ ਕੀਨੇ ਬੀਸ ਪਚਾਸ, ਪ੍ਰੀਤਮ ਪਾਈ ਅਸਾਂ ਵਲ ਝਾਤ,
ਹੁਣ ਸਾਨੂੰ ਸਭ ਜੱਗ ਦਿਸਦਾ ਲਾਲ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਸਾਨੂੰ ਆਸ ਦੀ ਫ਼ਾਸ਼, ਬੁੱਲ੍ਹਾ ਸ਼ਹੁ ਆਇਆ ਹਮਰੇ ਪਾਸ,
ਸਾਈਂ ਪੁਚਾਈ ਸਾਡੀ ਆਸ, ਮੇਰੇ ਘਰ ਆਇਆ ਪੀਆ ਹਮਾਰਾ ।


101. ਮੇਰੇ ਕਿਉਂ ਚਿਰ ਲਾਇਆ ਮਾਹੀ

ਮੇਰੇ ਕਿਉਂ ਚਿਰ ਲਾਇਆ ਮਾਹੀ ।
ਨੀ ਮੈਂ ਉਸ ਤੋਂ ਘੋਲ-ਘੁਮਾਈ ।
ਦਰਦ ਫ਼ਿਰਾਕ ਬਥੇਰਾ ਕਰਿਆ, ਇਹ ਦੁੱਖ ਮੈਥੋਂ ਜਾਏ ਨਾ ਜਰਿਆ,
ਟਮਕ ਅਸਾਡੇ ਸਿਰ ਤੇ ਧਰਿਆ, ਡੋਈ ਬੁਗ਼ਚਾ ਲੋਹ ਕੜਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜਾਗਦਿਆਂ ਮੈਂ ਘਰ ਵਿਚ ਮੁੱਠੀ, ਕਦੀ ਨਹੀਂ ਸਾਂ ਬੈਠੀ ਉੱਠੀ,
ਜਿਸ ਦੀ ਸਾਂ ਮੈਂ ਓਸੇ ਕੁੱਠੀ, ਹੁਣ ਕੀ ਕਰ ਲਿਆ ਬੇਪਰਵਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਬੁੱਲ੍ਹਾ ਸ਼ਹੁ ਤੇਰੇ ਤੋਂ ਵਾਰੀ, ਮੈਂ ਬਲਿਹਾਰੀ ਲੱਖ ਲੱਖ ਵਾਰੀ,
ਤੇਰੀ ਸੂਰਤ ਬਹੁਤ ਪਿਆਰੀ, ਮੈਂ ਵੇ ਬਿਚਾਰੀ ਘੋਲ ਘੁਮਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਮੇਰੇ ਮਾਹੀ ਦੇ ਪੰਜ ਪੀਰ ਪਨਾਹੀ, ਢੂੰਡਣ ਉਸ ਨੂੰ ਵਿਚ ਲੋਕਾਈ,
ਮੇਰੇ ਮਾਹੀ ਤੇ ਫ਼ਜ਼ਲ ਇਲਾਹੀ, ਜਿਸ ਨੇ ਗੈਬੋਂ ਤਾਰ ਹਿਲਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਕੁਨ ਫ਼ੈਕੂਨ ਆਵਾਜ਼ਾ ਆਇਆ, ਤਖ਼ਤ ਹਜ਼ਾਰਿਉਂ ਰਾਂਝਾ ਧਾਇਆ,
'ਚੂਚਕ' ਦਾ ਉਸ ਚਾਕ ਸਦਾਇਆ, ਉਹ ਆਹਾ ਸਾਹਿਬ ਸਫ਼ਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੱਲ ਰਾਂਝਾ ਮੁਲਤਾਨ ਚਲਾਹੇਂ, ਗੌਸ਼ ਬਹਾਵਲ ਪੀਰ ਮਨਾਵੇਂ,
ਆਪਣੀ ਤੁਰਤ ਮੁਰਾਦ ਲਿਆਵੇਂ, ਮੇਰਾ ਜੀ ਰੱਬ ਮੌਲਾ ਚਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜਿੱਥੇ ਇਸ਼ਕ ਡੇਰਾ ਘਤ ਬਹਿੰਦਾ, ਓਥੇ ਸਬਰ ਕਰਾਰ ਨਾ ਰਹਿੰਦਾ,
ਕੋਈ ਛੁਟਕਣ ਐਵੇਂ ਕਹਿੰਦਾ, ਗਲ ਪਈ ਪ੍ਰੇਮ ਦੀ ਫਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਆ ਜੰਞ ਖੇੜਿਆਂ ਦੀ ਢੁਕੀ, ਮੈਂ ਹੁਣ ਹੀਰ ਨਿਮਾਣੀ ਮੁੱਕੀ,
ਮੇਰੀ ਰੱਤ ਸਰੀਰੋਂ ਸੁੱਕੀ, ਵਲ ਵਲ ਮਾਰੇ ਬਿਰਹੋਂ ਖਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਖੇੜਾ ਫੁੱਲ ਘੋੜੇ ਤੇ ਚੜ੍ਹਿਆ, ਫੱਕਰ ਧੂੜ ਗਰਦ ਵਿਚ ਰਲਿਆ,
ਏਡਾ ਮਾਣ ਕਿਉਂ ਕੂੜਾ ਕਰਿਆ, ਉਸ ਕੀਤੀ ਬੇਪਰਵਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੜ੍ਹ ਕੇ ਪੀਰ ਖੇੜਿਆਂ ਦਾ ਆਇਆ, ਉਸ ਨੇ ਕੇਹਾ ਸ਼ੋਰ ਮਚਾਇਆ,
ਮੈਨੂੰ ਮਾਹੀ ਨਜ਼ਰ ਨਾ ਆਇਆ, ਤਾਂਹੀਏਂ ਕੀਤੀ ਹਾਲ ਦੁਹਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਮੈਂ ਮਾਹੀ ਦੀ ਮਾਹੀ ਮੇਰਾ, ਗੋਸ਼ਤ ਪੋਸਤ ਬੇਰਾ-ਬੇਰਾ,
ਦਿਨ ਹਸ਼ਰ ਦੇ ਕਰਸਾਂ ਝੇੜਾ, ਜਦ ਦੇਸੀ ਦਾਦ ਇਲਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੂਚਕ ਕਾਜ਼ੀ ਸਦ ਬਹਾਇਆ, ਮੈਂ ਮਨ ਰਾਂਝੂ ਮਾਹੀ ਭਾਇਆ,
ਧੱਕੋ ਧੱਕ ਨਿਕਾਹ ਪੜ੍ਹਾਇਆ, ਉਸ ਕੀਤਾ ਫ਼ਰਜ਼ ਅਦਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਤੇਲ ਵਟਨਾ ਕੰਧੇ ਮਲਿਆ, ਚੋਇਆ ਚੰਦਨ ਮੱਥੇ ਰਲਿਆ,
ਮਾਹੀ ਮੇਰਾ ਬੇਲੇ ਵੜਿਆ, ਮੈਂ ਕੀ ਕਰਨੀ ਕੰਙਣ ਬਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਹੋਰ ਸੱਭੋ ਕੁਝ ਦੱਸਣ ਕਰਿਆ, ਇਹ ਦੁੱਖ ਜਾਏ ਨਾ ਮੈਥੋਂ ਜਰਿਆ,
ਟਮਕ ਰਾਂਝਣ ਦੇ ਸਿਰ ਤੇ ਧਰਿਆ, ਮੋਢੇ ਬੁਗ਼ਚਾ ਲੋਹ ਕੜਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਟਮਕ ਸੁੱਟ ਟਿੱਲੇ ਵਲ ਜਾਵੇ, ਬੈਠਾ ਉਸ ਦਾ ਨਾਮ ਧਿਆਵੇ,
ਕੰਨ ਪੜਵਾ ਕੇ ਮੁੰਦਰਾਂ ਪਾਵੇ, ਗੁੜ ਲੈ ਕੇ ਦੋ ਸੇਰ ਸ਼ਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਗੁਰ ਗੋਰਖ ਨੂੰ ਪੀਰ ਮਨਾਵੇ, ਹੀਰੇ ਹੀਰੇ ਕਰ ਕੁਰਲਾਵੇ,
ਜਿਸ ਦੇ ਕਾਰਨ ਮੂੰਡ ਮੁੰਡਾਵੇ, ਉਹ ਮੂੰਹ ਪੀਲਾ ਜ਼ਰਦ ਮਲਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜੋਗੀ ਜੋਗ ਸਿਧਾਰਨ ਆਇਆ, ਸਿਰ ਦਾੜ੍ਹੀ ਮੂੰਹ ਮੋਨ ਮੁਨਾਇਆ,
ਇਸ ਤੇ ਭਗਵਾ ਭੇਸ ਵਟਾਇਆ, ਕਾਲੀ ਸਿਹਲੀ ਗਲ ਵਿਚ ਪਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਜੋਗੀ ਸ਼ਹਿਰ ਖੇੜਿਆਂ ਦੇ ਆਵੇ, ਜਿਸ ਘਰ ਮਤਲਬ ਸੇ ਘਰ ਪਾਵੇ,
ਬੂਹੇ ਜਾ ਕੇ ਨਾਦ ਬਜਾਵੇ, ਆਪੇ ਹੋਇਆ ਫ਼ਜ਼ਲ ਇਲਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਬੂਹੇ ਪੇ ਖੁੜਬਿਆਂ ਧਙਾਣੇ, ਟੁੱਟ ਪਿਆ ਖੱਪਰ ਡੁੱਲ੍ਹ ਪੇ ਦਾਣੇ,
ਇਸ ਦੇ ਵਲ ਛਲ ਕੌਣ ਪਛਾਣੇ, ਚੀਣਾ ਰੁੱਲ ਗਿਆ ਵਿਚ ਪਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਚੀਣਾ ਚੁਣ ਚੁਣ ਝੋਲੀ ਪਾਵੇ, ਬੈਠਾ ਹੀਰੇ ਤਰਫ਼ ਤਕਾਵੇ,
ਜੋ ਕੁਝ ਲਿਖਿਆ ਲੇਖ ਸੋ ਪਾਵੇ, ਰੋ ਰੋ ਲੜਦੇ ਨੈਣ ਸਿਪਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਇਹ ਗੱਲ ਸਹਿਤੀ ਨਣਦ ਪਛਾਤੀ, ਦੋਹਾਂ ਦੀ ਵੇਦਨ ਇੱਕੋ ਜਾਤੀ,
ਉਹ ਵੀ ਆਹੀ ਸੀ ਮਦਮਾਤੀ, ਓਥੇ ਦੋਹਵਾਂ ਸੱਥਰ ਪਾਹੀ ।
ਮੇਰੇ ਕਿਉਂ ਚਿਰ ਲਾਇਆ ਮਾਹੀ ।
ਬੁੱਲ੍ਹਾ ਸਹਿਤੀ ਫੰਦ ਚਲਾਇਆ, ਹੀਰ ਸਲੇਟੀ ਨਾਗ ਲੜਾਇਆ,
ਜੋਗੀ ਮੰਤਰ ਝਾੜਨ ਆਇਆ, ਦੁਹਾਂ ਦੀ ਆਸ ਮੁਰਾਦ ਪੁਚਾਈ ।
ਮੇਰੇ ਕਿਉਂ ਚਿਰ ਲਾਇਆ ਮਾਹੀ ।

102. ਮੇਰੇ ਮਾਹੀ ਕਿਉਂ ਚਿਰ ਲਾਇਆ ਏ

ਕਹਿ ਬੁੱਲ੍ਹਾ ਹੁਣ ਪ੍ਰੇਮ ਕਹਾਣੀ, ਜਿਸ ਤਨ ਲਾਗੇ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ, ਨੇਹੁੰ ਲਾ ਇਹ ਸੁੱਖ ਪਾਇਆ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਨੈਣਾਂ ਕਾਰ ਰੋਵਣ ਦੀ ਪਕੜੀ, ਇਕ ਮਰਨਾ ਦੋ ਜੱਗ ਦੀ ਫਕੜੀ,
ਬ੍ਰਿਹੋਂ ਜਿੰਦ ਅਵੱਲੀ ਜਕੜੀ, ਨੀ ਮੈਂ ਰੋ ਰੋ ਹਾਲ ਵੰਜਾਇਆ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਮੈਂ ਪਿਆਲਾ ਤਹਿਕੀਕ ਲੀਤਾ ਏ, ਜੋ ਭਰ ਕੇ ਮਨਸੂਰ ਪੀਤਾ ਏ,
ਦੀਦਾਰ ਮਿਅਰਾਜ ਪੀਆ ਲੀਤਾ ਏ, ਮੈਂ ਖੂਹ ਥੀਂ ਵੁਜ਼ੂ ਸਜਾਯਾ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਇਸ਼ਕ ਮੁੱਲਾਂ ਨੇ ਬਾਂਗ ਦਿਵਾਈ, ਸ਼ਹੁ ਆਵਣ ਦੀ ਗੱਲ ਸੁਣਾਈ,
ਕਰ ਨੀਯਤ ਸਜਦੇ ਵੱਲ ਧਾਈ, ਨੀ ਮੈਂ ਮੂੰਹ ਮਹਿਰਾਬ ਲਗਾਯਾ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।
ਬੁੱਲ੍ਹਾ ਸ਼ਹੁ ਘਰ ਲਪਟ ਲਗਾਈਂ, ਰਸਤੇ ਮੇਂ ਸਭ ਬਣ ਤਣ ਜਾਈਂ,
ਮੈਂ ਵੇਖਾਂ ਆ ਇਨਾਇਤ ਸਾਈਂ, ਇਸ ਮੈਨੂੰ ਸ਼ਹੁ ਮਿਲਾਇਆ ਏ ।
ਮੇਰੇ ਮਾਹੀ ਕਿਉਂ ਚਿਰ ਲਾਇਆ ਏ ।

103. ਮੇਰੇ ਨੌਸ਼ਹੁ ਦਾ ਕਿਤ ਮੋਲ

ਮੇਰੇ ਨੌਸ਼ਹੁ ਦਾ ਕਿਤ ਮੋਲ ।
ਮੇਰੇ ਨੌਸ਼ਹੁ ਦਾ ਕਿਤ ਮੋਲ ।
ਅਗਲੇ ਵੱਲ ਦੀ ਖਬਰ ਨਾ ਕੋਈ ਰਹੀ ਕਿਤਾਬਾਂ ਫੋਲ ।
ਸੱਚੀਆਂ ਨੂੰ ਪਏ ਵੱਜਣ ਪੌਲੇ ਝੂਠੀਆਂ ਕਰਨ ਕਲੋਲ ।
ਚੰਗ ਚੰਗੇਰੇ ਪਰੇ ਪਰੇਰੇ ਅਸੀਂ ਆਈਆਂ ਸੀ ਅਨਭੋਲ ।
ਬੁੱਲ੍ਹਾ ਸ਼ਾਹ ਜੇ ਬੋਲਾਂਗਾ ਹੁਣ ਕੌਣ ਸੁਣੇ ਮੇਰੇ ਬੋਲ ।
ਮੇਰੇ ਨੌਸ਼ਹੁ ਦਾ ਕਿਤ ਮੋਲ ।
ਮੇਰੇ ਨੌਸ਼ਹੁ ਦਾ ਕਿਤ ਮੋਲ ।

104. ਮੇਰੀ ਬੁੱਕਲ ਦੇ ਵਿੱਚ ਚੋਰ

ਮੇਰੀ ਬੁੱਕਲ ਦੇ ਵਿੱਚ ਚੋਰ ।
ਨੀ ਮੇਰੀ ਬੁੱਕਲ ਦੇ ਵਿੱਚ ਚੋਰ ।
ਕੀਹਨੂੰ ਕੂਕ ਸੁਣਾਵਾਂ ਨੀ ਮੇਰੀ ਬੁੱਕਲ ਦੇ ਵਿੱਚ ਚੋਰ ।
ਚੋਰੀ ਚੋਰੀ ਨਿਕਲ ਗਿਆ ਜਗ ਵਿੱਚ ਪੈ ਗਿਆ ਸ਼ੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਮੁਸਲਮਾਨ ਸਿਵਿਆਂ (ਸੜਨੇ) ਤੋਂ ਡਰਦੇ ਹਿੰਦੂ ਡਰਦੇ ਗੋਰ ।
ਦੋਵੇਂ ਏਸੇ ਦੇ ਵਿੱਚ ਮਰਦੇ ਇਹੋ ਦੋਹਾਂ ਦੀ ਖੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਕਿਤੇ ਰਾਮ ਦਾਸ ਕਿਤੇ ਫ਼ਤਹਿ ਮੁਹੰਮਦ ਇਹੋ ਕਦੀਮੀ ਸ਼ੋਰ ।
ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਅਰਸ਼ ਮੁਨੱਵਰ ਬਾਂਗਾਂ ਮਿਲੀਆਂ ਸੁਣੀਆਂ ਤਖ਼ਤ ਲਾਹੌਰ ।
ਸ਼ਾਹ ਇਨਾਇਤ ਕੁੰਡੀਆਂ ਪਾਈਆਂ ਲੁਕ ਛੁਪ ਖਿਚਦਾ ਡੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਜਿਸ ਢੂੰਡਾਇਆ ਤਿਸ ਨੇ ਪਾਇਆ ਨਾ ਝੁਰ ਝੁਰ ਹੋਯਾ ਮੋਰ ।
ਪੀਰੇ ਪੀਰਾਂ ਬਗ਼ਦਾਦ ਅਸਾਡਾ ਮੁਰਸ਼ਦ ਤਖ਼ਤ ਲਾਹੌਰ ।
ਮੇਰੀ ਬੁੱਕਲ ਦੇ ਵਿੱਚ ਚੋਰ ।
ਇਹੋ ਤੁਸੀਂ ਵੀ ਆਖੋ ਸਾਰੇ ਆਪ ਗੁੱਡੀ ਆਪ ਡੋਰ ।
ਮੈਂ ਦਸਨਾਂ ਤੁਸੀਂ ਪਕੜ ਲਿਆਉ ਬੁੱਲ੍ਹੇ ਸ਼ਾਹ ਦਾ ਚੋਰ ।
ਮੇਰੀ ਬੁੱਕਲ ਦੇ ਵਿੱਚ ਚੋਰ ।ਨੀ ਮੇਰੀ ਬੁੱਕਲ ਦੇ ਵਿੱਚ ਚੋਰ ।

105. ਮਿਲ ਲਉ ਸਹੇਲੜੀਓ ਮੇਰੀ ਰਾਜ ਗਹੇਲੜੀਓ, ਮੈਂ ਸਾਹੁਰਿਆਂ ਘਰ ਜਾਣਾ

ਮਿਲ ਲਉ ਸਹੇਲੜੀਓ ਮੇਰੀ ਰਾਜ ਗਹੇਲੜੀਓ, ਮੈਂ ਸਾਹੁਰਿਆਂ ਘਰ ਜਾਣਾ ।
ਤੁਸਾਂ ਭੀ ਹੋਸੀ ਅੱਲ੍ਹਾ ਭਾਣਾ, ਮੈਂ ਸਾਹੁਰਿਆਂ ਘਰ ਜਾਣਾ ।
ਅੰਮਾਂ ਬਾਬੁਲ ਦਾਜ ਜੋ ਦਿੱਤਾ, ਇਕ ਚੋਲੀ ਇਕ ਚੁੰਨੀ ।
ਦਾਜ ਤਿਨ੍ਹਾਂ ਦੇ ਵੇਖ ਕੇ ਹੁਣ ਮੈਂ, ਹੰਝੂ ਭਰ ਭਰ ਰੁੰਨੀ ।
ਇਕ ਵਿਛੋੜਾ ਸਈਆਂ ਦਾ, ਜਿਵੇਂ ਡਾਰੋਂ ਕੂੰਜ ਵਿਛੁੰਨੀ ।
ਰੰਗ ਬਰੰਗੇ ਸੂਲ ਅਪੁੱਠੇ, ਜਾਂਦੇ ਚੀਰ ਨੈਣ ਜੀ ਨੂੰ ।
ਐਥੋਂ ਦੇ ਦੁੱਖ ਨਾਲ ਲਿਜਾਵਾਂ, ਅਗਲੇ ਸੌਂਪਾਂ ਕੀਹਨੂੰ ।
ਸੱਸ ਨਨਾਣ ਰਹਿਣ ਨਾ ਮਿਲਦਾ, ਜਾਣਾ ਵਾਰੋ ਵਾਰੀ ।
ਚੰਗ ਚੰਗੇਰੇ ਪਕੜ ਮੰਗਾਏ, ਮੈਂ ਕੀਹਦੀ ਪਨਿਹਾਰੀ ।
ਜਿਸ ਗੁਣ ਪੱਲੇ ਬੋਲ ਸਵੱਲੇ, ਸੋਈ ਸ਼ਹੁ ਨੂੰ ਪਿਆਰੀ ।
ਮਿਲ ਲਉ ਸਹੇਲੜੀਓ ਮੇਰੀ ਰਾਜ ਗਹੇਲੜੀਓ, ਮੈਂ ਸਾਹੁਰਿਆਂ ਘਰ ਜਾਣਾ ।
ਤੁਸਾਂ ਭੀ ਹੋਸੀ ਅੱਲ੍ਹਾ ਭਾਣਾ, ਮੈਂ ਸਾਹੁਰਿਆਂ ਘਰ ਜਾਣਾ ।

106. ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ

ਲੱਗਾ ਨੇਹੁੰ ਮੇਰਾ ਜਿਸ ਸੇਤੀ, ਸਰਹਾਣੇ ਵੇਖ ਪਲੰਘ ਦੇ ਜੀਤੀ,
ਆਲਮ ਕਿਉਂ ਸਮਝਾਵੇ ਰੀਤੀ, ਮੈਂ ਡਿੱਠੇ ਬਾਝ ਨਾ ਰਹਿਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।
ਤੁਸੀਂ ਸਮਝਾਓ ਵੀਰੋ ਭੋਰੀ, ਰਾਂਝਣ ਵੇਂਹਦਾ ਮੈਥੋਂ ਚੋਰੀ,
ਜੀਹਦੇ ਇਸ਼ਕ ਕੀਤੀ ਮੈਂ ਡੋਰੀ, ਮੈਂ ਨਾਲ ਆਰਾਮ ਨਾ ਬਹਿਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।
ਬਿਰਹੋਂ ਆ ਵੜਿਆ ਵਿਚ ਵਿਹੜੇ, ਜ਼ੋਰੋ ਜ਼ੋਰ ਦੇਵੇ ਤਨ ਘੇਰੇ,
ਦਾਰੂ ਦਰਦ ਨਾ ਬਾਝੋਂ ਤੇਰੇ, ਮੈਂ ਸੱਜਣਾਂ ਬਾਝ ਮਰੇਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।
ਬੁੱਲ੍ਹੇ ਸ਼ਾਹ ਘਰ ਰਾਂਝਣ ਆਵੇ, ਮੈਂ ਤੱਤੀ ਨੂੰ ਲੈ ਗਲ ਲਾਵੇ,
ਨਾਲ ਖ਼ੁਸ਼ੀ ਦੇ ਰੈਣ ਵਿਹਾਵੇ, ਨਾਲ ਖ਼ੁਸ਼ੀ ਦੇ ਰਹਿਨੀ ਹਾਂ ।
ਮਿੱਤਰ ਪਿਆਰੇ ਕਾਰਨ ਨੀ ਮੈਂ ਲੋਕ ਉਲ੍ਹਾਮੇਂ ਲੈਨੀ ਹਾਂ ।

107. ਮੂੰਹ ਆਈ ਬਾਤ ਨਾ ਰਹਿੰਦੀ ਏ

ਝੂਠ ਆਖਾਂ ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮਚਦਾ ਏ,
ਜੀ ਦੋਹਾਂ ਗੱਲਾਂ ਤੋਂ ਜਚਦਾ ਏ, ਜਚ ਜਚ ਕੇ ਜਿਹਵਾ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜਿਸ ਪਾਇਆ ਭੇਤ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ,
ਉਹ ਵਾਸੀ ਹੈ ਸੁੱਖ ਮੰਦਰ ਦਾ, ਜਿਥੇ ਕੋਈ ਨਾ ਚੜ੍ਹਦੀ ਲਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਇਕ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ,
ਹਰ ਹਰ ਵਿਚ ਸੂਰਤ ਰੱਬ ਦੀ ਏ, ਕਿਤੇ ਜ਼ਾਹਰ ਕਿਤੇ ਛੁਪੇਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਏਥੇ ਦੁਨੀਆਂ ਵਿਚ ਅਨ੍ਹੇਰਾ ਏ, ਇਹ ਤਿਲਕਣ ਬਾਜ਼ੀ ਵਿਹੜਾ ਏ,
ਵੜ ਅੰਦਰ ਵੇਖੋ ਕਿਹੜਾ ਏ, ਕਿਉਂ ਖਫ਼ਤਣ ਬਾਹਰ ਢੂੰਡੇਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਏਥੇ ਲੇਖਾ ਪਾਓਂ ਪਸਾਰਾ ਏ, ਇਹਦਾ ਵਖਰਾ ਭੇਤ ਨਿਆਰਾ ਏ,
ਇਹ ਸੂਰਤ ਦਾ ਚਮਕਾਰਾ ਏ, ਜਿਵੇਂ ਚਿਣਗ ਦਾਰੂ ਵਿਚ ਪੈਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਕਿਤੇ ਨਾਜ਼ ਅਦਾ ਦਿਖਲਾਈਦਾ, ਕਿਤੇ ਹੋ ਰਸੂਲ ਮਿਲਾਈਦਾ,
ਕਿਤੇ ਆਸ਼ਕ ਬਣ ਬਣ ਆਈਦਾ, ਕਿਤੇ ਜਾਨ ਜੁਦਾਈ ਸਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜਦੋਂ ਜ਼ਾਹਰ ਹੋਏ ਨੂਰ ਹੁਰੀਂ, ਜਲ ਗਏ ਪਹਾੜ ਕੋਹ-ਤੂਰ ਹੁਰੀਂ,
ਤਦੋਂ ਦਾਰ ਚੜ੍ਹੇ ਮਨਸੂਰ ਹੁਰੀਂ, ਓਥੇ ਸ਼ੇਖੀ ਪੇਸ਼ ਨਾ ਵੈਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਜੇ ਜ਼ਾਹਰ ਕਰਾਂ ਇਸਰਾਰ ਤਾਈਂ, ਸਭ ਭੁੱਲ ਜਾਵਣ ਤਕਰਾਰ ਤਾਈਂ,
ਫਿਰ ਮਾਰਨ ਬੁੱਲ੍ਹੇ ਯਾਰ ਤਾਈਂ, ਏਥੇ ਮਖ਼ਫ਼ੀ ਗੱਲ ਸੋਹੇਂਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਅਸਾਂ ਪੜ੍ਹਿਆ ਇਲਮ ਤਹਕੀਕੀ ਏ, ਓਥੇ ਇਕੋ ਹਰਫ਼ ਹਕੀਕੀ ਏ,
ਹੋਰ ਝਗੜਾ ਸਭ ਵਧੀਕੀ ਏ, ਐਵੇਂ ਰੌਲਾ ਪਾ ਪਾ ਬਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਐ ਸ਼ਾਹ ਅਕਲ ਤੂੰ ਆਇਆ ਕਰ, ਸਾਨੂੰ ਅਦਬ ਅਦਾਬ ਸਿਖਾਇਆ ਕਰ,
ਮੈਂ ਝੂਠੀ ਨੂੰ ਸਮਝਾਇਆ ਕਰ, ਜੋ ਮੂਰਖ ਮਾਹਨੂੰ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਵਾਹ ਵਾਹ ਕੁਦਰਤ ਬੇਪਰਵਾਹੀ ਏ, ਦੇਵੇ ਕੈਦੀ ਦੇ ਸਿਰ ਸ਼ਾਹੀ ਏ,
ਐਸਾ ਬੇਟਾ ਜਾਇਆ ਮਾਈ ਏ, ਸਭ ਕਲਮਾ ਉਸ ਦਾ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਇਸ ਆਜ਼ਿਜ਼ ਦਾ ਕੀ ਹੀਲਾ ਏ, ਰੰਗ ਜ਼ਰਦ ਤੇ ਮੁੱਖੜਾ ਪੀਲਾ ਏ,
ਜਿਥੇ ਆਪੇ ਆਪ ਵਸੀਲਾ ਏ, ਓਥੇ ਕੀ ਅਦਾਲਤ ਕਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।
ਬੁੱਲ੍ਹਾ ਸ਼ਹੁ ਅਸਾਂ ਥੀਂ ਵੱਖ ਨਹੀਂ, ਬਿਨ ਸ਼ਹੁ ਥੀਂ ਦੂਜਾ ਕੱਖ ਨਹੀਂ,
ਪਰ ਵੇਖਣ ਵਾਲੀ ਅੱਖ ਨਹੀਂ, ਤਾਹੀਂ ਜਾਨ ਜੁਦਾਈਆਂ ਸਹਿੰਦੀ ਏ ।
ਮੂੰਹ ਆਈ ਬਾਤ ਨਾ ਰਹਿੰਦੀ ਏ ।

108. ਮੁੱਲਾਂ ਮੈਨੂੰ ਮਾਰਦਾ ਈ

ਮੁੱਲਾਂ ਮੈਨੂੰ ਮਾਰਦਾ ਈ ।
ਮੁੱਲਾਂ ਮੈਨੂੰ ਮਾਰਦਾ ਈ ।
ਮੁੱਲਾਂ ਮੈਨੂੰ ਸਬਕ ਪੜ੍ਹਾਇਆ।
ਅਲਫੋਂ ਅੱਗੇ ਕੁਝ ਨਾ ਆਇਆ ।
ਉਹ ਬੇ ਈ ਬੇ ਪੁਕਾਰਦਾ ਈ ।
ਮੁੱਲਾਂ ਮੈਨੂੰ ਮਾਰਦਾ ਈ ।
ਮੁੱਲਾਂ ਮੈਨੂੰ ਮਾਰਦਾ ਈ ।

109. ਮੁਰਲੀ ਬਾਜ ਉਠੀ ਅਣਘਾਤਾਂ

ਮੁਰਲੀ ਬਾਜ ਉਠੀ ਅਣਘਾਤਾਂ ।
ਸੁਣ ਕੇ ਭੁੱਲ ਗਈਆਂ ਸਭ ਬਾਤਾਂ ।
ਲੱਗ ਗਏ ਅਨਹਦ ਬਾਣ ਨਿਆਰੇ, ਝੂਠੀ ਦੁਨੀਆਂ ਕੂੜ ਪਸਾਰੇ,
ਸਾਈਂ ਮੁੱਖ ਵੇਖਣ ਵਣਜਾਰੇ, ਮੈਨੂੰ ਭੁੱਲ ਗਈਆਂ ਸਭ ਬਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਹੁਣ ਮੈਂ ਚੈਂਚਲ ਮਿਰਗ ਫਹਾਇਆ, ਓਸੇ ਮੈਨੂੰ ਬੰਨ੍ਹ ਬਹਾਇਆ,
ਸਿਰਫ ਦੁਗਾਨਾ ਇਸ਼ਕ ਪੜ੍ਹਾਇਆ, ਰਹਿ ਗਈਆਂ ਤ੍ਰੈ ਚਾਰ ਕਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਬੂਹੇ ਆਣ ਖਲੋਤਾ ਯਾਰ, ਬਾਬਲ ਪੁੱਜ ਪਿਆ ਤਕਰਾਰ,
ਕਲਮੇ ਨਾਲ ਜੇ ਰਹੇ ਵਿਹਾਰ, ਨਬੀ ਮੁਹੰਮਦ ਭਰੇ ਸਫਾਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।
ਬੁੱਲ੍ਹੇ ਸ਼ਾਹ ਮੈਂ ਹੁਣ ਬਰਲਾਈ, ਜਦ ਦੀ ਮੁਰਲੀ ਕਾਹਨ ਬਜਾਈ,
ਬਾਵਰੀ ਹੋ ਤੁਸਾਂ ਵੱਲ ਧਾਈ, ਖੋਜੀਆਂ ਕਿਤ ਵਲ ਦਸਤ ਬਾਰਤਾਂ ।
ਮੁਰਲੀ ਬਾਜ ਉਠੀ ਅਣਘਾਤਾਂ ।

110. ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ

ਇਹਨਾਂ ਸੁਕਿਆਂ ਫੁੱਲਾਂ ਵਿਚ ਬਾਸ ਨਹੀਂ,
ਪਰਦੇਸ ਗਿਆਂ ਦੀ ਕੋਈ ਆਸ ਨਹੀਂ,
ਜਿਹੜੇ ਸਾਈਂ ਸਾਜਣ ਸਾਡੇ ਪਾਸ ਨਹੀਂ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।
ਤੂੰ ਕੀ ਸੁੱਤਾ ਏਂ ਚਾਦਰ ਤਾਣ ਕੇ,
ਸਿਰ ਮੌਤ ਖਲੋਤੀ ਤੇਰੇ ਆਣ ਕੇ,
ਕੋਈ ਅਮਲ ਨਾ ਕੀਤਾ ਜਾਣ ਕੇ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।
ਕੀ ਮੈਂ ਖੱਟਿਆ ਤੇਰੀ ਹੋ ਕੇ,
ਦੋਵੇਂ ਨੈਣ ਗਵਾਇ ਰੋ ਕੇ,
ਤੇਰਾ ਨਾਮ ਲਈਏ ਮੁੱਖ ਧੋ ਕੇ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।
ਬੁੱਲ੍ਹਾ ਸ਼ਹੁ ਬਦੇਸੋਂ ਆਉਂਦਾ,
ਹੱਥ ਕੰਗਣਾ ਤੇ ਬਾਹੀਂ ਲਟਕਾਉਂਦਾ,
ਸਿਰ ਸਦਕਾ ਤੇਰੇ ਨਾਉਂ ਦਾ,
ਨਾ ਜੀਵਾਂ ਮਹਾਰਾਜ, ਮੈਂ ਤੇਰੇ ਬਿਨ ਨਾ ਜੀਵਾਂ ।

111. ਨੀ ਕੁਟੀਚਲ ਮੇਰਾ ਨਾਂ

ਮੁੱਲਾਂ ਮੈਨੂੰ ਸਬਕ ਪੜ੍ਹਾਇਆ, ਅਲਫੋਂ ਅੱਗੇ ਕੁੱਝ ਨਾ ਆਇਆ,
ਉਸ ਦੀਆਂ ਜੁੱਤੀਆਂ ਖਾਂਦੀ ਸਾਂ, ਨੀ ਕੁਟੀਚਲ ਮੇਰਾ ਨਾਂ ।
ਕਿਵੇਂ ਕਿਵੇਂ ਦੋ ਅੱਖੀਆਂ ਲਾਈਆਂ, ਰਲ ਕੇ ਸਈਆਂ ਮਾਰਨ ਆਈਆਂ,
ਨਾਲੇ ਮਾਰੇ ਬਾਬਲ ਮਾਂ, ਨੀ ਕੁਟੀਚਲ ਮੇਰਾ ਨਾਂ ।
ਸਾਹਵਰੇ ਸਾਨੂੰ ਵੜਨ ਨਾ ਦੇਂਦੇ, ਨਾਨਕ ਦਾਦਕ ਘਰੋਂ ਕਢੇਂਦੇ,
ਮੇਰਾ ਪੇਕੇ ਨਹੀਉਂ ਥਾਂ, ਨੀ ਕੁਟੀਚਲ ਮੇਰਾ ਨਾਂ ।
ਪੜ੍ਹਨ ਸੇਤੀ ਸਭ ਮਾਰਨ ਆਹੀਂ, ਬਿਨਾਂ ਪੜ੍ਹਿਆਂ ਹੁਣ ਛੱਡਦਾ ਨਾਹੀਂ,
ਨੀ ਮੈਂ ਮੁੜਕੇ ਕਿਤ ਵੱਲ ਜਾਂ, ਨੀ ਕੁਟੀਚਲ ਮੇਰਾ ਨਾਂ ।
ਬੁੱਲ੍ਹਾ ਸ਼ਹੁ ਕੀ ਲਾਈ ਮੈਨੂੰ, ਮਤ ਕੁਝ ਲੱਗੇ ਉਹ ਹੀ ਤੈਨੂੰ,
ਤਦ ਕਰੇਂਗਾ ਤੂੰ ਨਿਆਂ, ਨੀ ਕੁਟੀਚਲ ਮੇਰਾ ਨਾਂ ।

112. ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ

ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ ।
ਮੁਹੱਬਤ ਦਾ ਇਕ ਪਿਆਲਾ ਪੀ, ਭੁੱਲ ਜਾਵਣ ਸਭ ਬਾਤਾਂ,
ਘਰ ਘਰ ਸਾਈਂ ਹੈ ਉਹ ਸਾਈਂ, ਹਰ ਹਰ ਨਾਲ ਪਛਾਤਾ ।
ਅੰਦਰ ਸਾਡੇ ਮੁਰਸ਼ਦ ਵੱਸਦਾ, ਨੇਹੁੰ ਲੱਗਾ ਤਾਂ ਜਾਤਾ,
ਮੰਤਕ ਮਾਅਨੇ ਕੰਨਜ਼ ਕਦੂਰੀ, ਪੜ੍ਹਿਆ ਇਲਮ ਗਵਾਤਾ ।
ਨਮਾਜ਼ ਰੋਜ਼ਾ ਓਸ ਕੀ ਕਰਨਾ, ਜਿਸ ਮਧ ਪੀਤੀ ਮਧਮਾਤਾ,
ਪੜ੍ਹ ਪੜ੍ਹ ਪੰਡਿਤ ਮੁੱਲਾਂ ਹਾਰੇ, ਕਿਸੇ ਨਾ ਭੇਦ ਪਛਾਤਾ ।
ਜ਼ਰੀ ਬਾਫ਼ਦੀ ਕਦਰ ਕੀ ਜਾਣੇ, ਛੱਟ ਓਨਾਂ ਜਤ ਕਾਤਾ,
ਬੁੱਲ੍ਹਾ ਸ਼ਹੁ ਦੀ ਮਜਲਸ ਬਹਿ ਕੇ, ਹੋ ਗਿਆ ਗੂੰਗਾ ਬਾਤਾ ।

ਨੀ ਮੈਂ ਹੁਣ ਸੁਣਿਆ ਇਸ਼ਕ ਸ਼ਰ੍ਹਾ ਕੀ ਨਾਤਾ ।

113. ਹਾਜੀ ਲੋਕ ਮੱਕੇ ਨੂੰ ਜਾਂਦੇ

ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ,
ਨੀ ਮੈਂ ਕਮਲੀ ਹਾਂ ।
ਮੈਂ ਤੇ ਮੰਗ ਰਾਂਝੇ ਦੀ ਹੋਈਆਂ,
ਮੇਰਾ ਬਾਬਲ ਕਰਦਾ ਧੱਕਾ,
ਨੀ ਮੈਂ ਕਮਲੀ ਹਾਂ ।
ਹਾਜੀ ਲੋਕ ਮੱਕੇ ਵੱਲ ਜਾਂਦੇ,
ਮੇਰੇ ਘਰ ਵਿਚ ਨੌਸ਼ੋਹ ਮੱਕਾ,
ਨੀ ਮੈਂ ਕਮਲੀ ਹਾਂ ।
ਵਿਚੇ ਹਾਜੀ ਵਿਚੇ ਗਾਜੀ,
ਵਿਚੇ ਚੋਰ ਉਚੱਕਾ,
ਨੀ ਮੈਂ ਕਮਲੀ ਹਾਂ ।
ਹਾਜੀ ਲੋਕ ਮੱਕੇ ਵੱਲ ਜਾਂਦੇ,
ਅਸਾਂ ਜਾਣਾ ਤਖ਼ਤ ਹਜ਼ਾਰੇ,
ਨੀ ਮੈਂ ਕਮਲੀ ਹਾਂ ।
ਜਿਤ ਵੱਲ ਯਾਰ ਉਤੇ ਵੱਲ ਕਅਬਾ,
ਭਾਵੇਂ ਫੋਲ ਕਿਤਾਬਾਂ ਚਾਰੇ,
ਨੀ ਮੈਂ ਕਮਲੀ ਹਾਂ ।

114. ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ

ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਅਵੱਲ ਦਾ ਰੋਜ਼ ਅਜ਼ੱਲ ਦਾ ।
ਵਿਚ ਕੜਾਹੀ ਤਲ ਤਲ ਜਾਵੇ, ਤਲਿਆਂ ਨੂੰ ਚਾ ਤਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਮੋਇਆਂ ਨੂੰ ਇਹ ਵਲ ਵਲ ਮਾਰੇ, ਵਲਿਆਂ ਨੂੰ ਚਾ ਵਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਕਿਆ ਜਾਣਾ ਕੋਈ ਚਿਣਗ ਕੱਖੀ ਏ, ਨਿੱਤ ਸੂਲ ਕਲੇਜੇ ਸੱਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਤੀਰ ਜਿਗਰ ਵਿਚ ਲੱਗਾ ਇਸ਼ਕੋਂ, ਨਹੀਂ ਹਲਾਇਆ ਹੱਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਬੁੱਲ੍ਹਾ ਸ਼ਹੁ ਦਾ ਨੇਹੁੰ ਅਨੋਖਾ, ਨਹੀਂ ਰਲਾਇਆ ਰਲਦਾ,
ਨੀ ਮੈਨੂੰ ਲੱਗੜਾ ਇਸ਼ਕ ਅਵੱਲ ਦਾ ।
ਅਵੱਲ ਦਾ ਰੋਜ਼ ਅਜ਼ੱਲ ਦਾ ।

115. ਨੀ ਸਈਓ ਮੈਂ ਗਈ ਗਵਾਚੀ

ਨੀ ਸਈਓ ਮੈਂ ਗਈ ਗਵਾਚੀ,
ਖੋਲ ਘੁੰਘਟ ਮੁੱਖ ਨਾਚੀ ।
ਜਿਤ ਵੱਲ ਵੇਖਾਂ ਉਤ ਵੱਲ ਓਹੀ, ਕਸਮ ਓਸੇ ਦੀ ਹੋਰ ਨਾ ਕੋਈ,
ਫੈਹੂਣਾ ਮਾਅਕੁਮ ਫਿਰ ਗਈ ਧ੍ਰੋਹੀ, ਜਬ ਗੋਰ ਤੇਰੀ ਬਾਚੀ ।
ਨੀ ਸਈਓ ਮੈਂ ਗਈ ਗਵਾਚੀ ।
ਨਾਮ ਨਿਸ਼ਾਨ ਨਾ ਮੇਰਾ ਸਈਓ, ਜੋ ਆਖਾਂ ਤੁਸੀਂ ਚੁੱਪ ਕਰ ਰਹੀਓ,
ਇਹ ਗੱਲ ਮੂਲ ਕਿਸੇ ਨਾ ਕਹੀਓ, ਬੁੱਲ੍ਹਾ ਖ਼ੂਬ ਹਕੀਕਤ ਜਾਚੀ ।
ਨੀ ਸਈਓ ਮੈਂ ਗਈ ਗਵਾਚੀ,
ਖੋਲ ਘੁੰਘਟ ਮੁੱਖ ਨਾਚੀ ।

116. ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ

ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ,
ਕੈਸੀ ਤੌਬਾ ਹੈ ਇਹ ਯਾਰ ?
ਸਾਂਵੇਂ ਦੇ ਕੇ ਲਵੇਂ ਸਵਾਈ, ਵਾਧਿਆਂ ਦੀ ਤੂੰ ਬਾਜ਼ੀ ਲਾਈ,
ਮੁਸਲਮਾਨੀ ਇਹ ਕਿਥੋਂ ਪਾਈ, ਇਹ ਤੁਹਾਡਾ ਕਿਰਦਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।
ਜਿਥੇ ਨਾ ਜਾਣਾ ਓਥੇ ਜਾਏਂ, ਮਾਲ ਪਰਾਇਆ ਮੂੰਹ ਧਰ ਖਾਏਂ,
ਕੂੜ ਕਿਤਾਬਾਂ ਸਿਰ ਤੇ ਚਾਏਂ, ਫਿਰ ਤੇਰਾ ਇਤਬਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।
ਜ਼ਾਲਮ ਜ਼ੁਲਮੋਂ ਨਾਹੀਂ ਡਰਦੇ, ਆਪਣੀ ਅਮਲੀਂ ਆਪੇ ਮਰਦੇ,
ਮੂੰਹੋਂ ਤੌਬਾ ਦਿਲੋਂ ਨਾ ਕਰਦੇ, ਏਥੇ ਓਥੇ ਹੋਣ ਖੁਆਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।

ਸੌ ਦਿਨ ਜੀਵੇਂ ਇਕ ਦਿਨ ਮਰਸੇਂ,ਉਸ ਦਿਨ ਖ਼ੌਫ ਖ਼ੁਦਾ ਦਾ ਕਰਸੇਂ,
ਇਸ ਤੌਬਾ ਥੀਂ ਤੌਬਾ ਕਰਸੇਂ, ਉਹ ਤੌਬਾ ਕਿਸ ਕਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ ।
ਬੁੱਲ੍ਹਾ ਸ਼ਹੁ ਦੀ ਸੁਣੋ ਹਕਾਇਤ, ਹਾਦੀ ਫੜਿਆ ਹੋਈ ਹਦਾਇਤ,
ਮੇਰਾ ਸਾਈਂ ਸ਼ਾਹ ਅਨਾਇਤ, ਉਹੋ ਲੰਘਾਵੇ ਪਾਰ ।
ਨਿੱਤ ਪੜ੍ਹਨਾ ਏਂ ਇਸਤਗ਼ੱਫ਼ਾਰ,
ਕੈਸੀ ਤੌਬਾ ਹੈ ਇਹ ਯਾਰ ?

117. ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ

ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
ਇਕ ਭਰ ਆਈਆਂ ਇਕ ਭਰ ਚੱਲੀਆਂ, ਇਕ ਖਲੀਆਂ ਬਾਂਹ ਪਸਾਰ ।
ਹਾਰ ਹਮੇਲਾਂ ਪਾਈਆਂ ਗਲ ਵਿੱਚ, ਬਾਹੀਂ ਛਣਕੇ ਚੂੜਾ,
ਕੰਨੀਂ ਬੁੱਕ ਬੁੱਕ ਮਛਰੀਆਲੇ, ਸਭ ਅਡੰਬਰ ਕੂੜਾ,
ਅੱਗੇ ਸ਼ਹੁ ਨੇ ਝਾਤ ਨਾ ਪਾਈ, ਐਵੇਂ ਗਿਆ ਸ਼ਿੰਗਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
ਹੱਥੀਂ ਮਹਿੰਦੀ ਪੈਰੀਂ ਮਹਿੰਦੀ, ਸਿਰ ਤੇ ਧੜੀ ਗੁੰਦਾਈ,
ਤੇਲ ਫੁਲੇਲ ਪਾਨਾਂ ਦਾ ਬੀੜਾ, ਦੰਦੀਂ ਮਿੱਸੀ ਲਾਈ,
ਕੋਈ ਜੂ ਸਦ ਪਈਓ ਨੇ ਡਾਢੀ, ਵਿੱਸਰਿਆ ਘਰ ਬਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।
ਬੁੱਲ੍ਹਾ ਸ਼ਹੁ ਦੇ ਪੰਧ ਪਵੇਂ ਜੇ, ਤਾਂ ਤੂੰ ਰਾਹ ਪਛਾਣਂੇ,
ਪਉ-ਸਤਾਰਾਂ ਪਾਸਿਉਂ ਮੰਗਦਾ, ਦਾਅ ਪਿਆ ਤ੍ਰੈ-ਕਾਣੇ,
ਗੁੰਗੀ ਡੋਰੀ ਕਮਲੀ ਹੋਈ, ਜਾਨ ਦੀ ਬਾਜ਼ੀ ਹਾਰ,
ਪਾਣੀ ਭਰ ਭਰ ਗਈਆਂ ਸੱਭੇ, ਆਪੋ ਆਪਣੀ ਵਾਰ ।

118. ਪਰਦਾ ਕਿਸ ਤੋਂ ਰਾਖੀਦਾ

ਪਰਦਾ ਕਿਸ ਤੋਂ ਰਾਖੀਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਪਹਿਲੋਂ ਆਪੇ ਸਾਜਨ ਸਾਜੇ ਦਾ, ਹੁਣ ਦੱਸਨਾ ਏਂ ਸਬਕ ਨਮਾਜੇ ਦਾ,
ਹੁਣ ਆਇਆ ਆਪ ਨਜ਼ਾਰੇ ਨੂੰ, ਵਿਚ ਲੈਲਾ ਬਣ ਬਣ ਝਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਸ਼ਾਹ ਸ਼ੱਮਸ ਦੀ ਖੱਲ ਲੁਹਾਇਓ, ਮਨਸੂਰ ਨੂੰ ਸੂਲੀ ਦਵਾਇਓ,
ਜ਼ਕਰੀਏ ਸਿਰ ਕਲਵੱਤਰ ਧਰਾਇਓ, ਕੀ ਲੇਖਾ ਰਹਿਆ ਬਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਕੁੰਨ ਕਿਹਾ ਫਅਕੂਨ ਕਹਾਇਆ, ਬੇ-ਚੂਨੀ ਦਾ ਚੂਨ ਬਣਾਇਆ,
ਖਾਤਰ ਤੇਰੀ ਜਗਤ ਬਣਾਇਆ, ਸਿਰ ਪਰ ਛਤਰ ਲੌਲਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਹੁਣ ਸਾਡੇ ਵਲ ਧਾਇਆ ਏ, ਨਾ ਰਹਿੰਦਾ ਛੁਪਾ ਛੁਪਾਇਆ ਏ,
ਕਿਤੇ ਬੁੱਲ੍ਹਾ ਨਾਮ ਧਰਾਇਆ ਏ, ਵਿਚ ਓਹਲਾ ਰੱਖਿਆ ਖ਼ਾਕੀ ਦਾ ।
ਪਰਦਾ ਕਿਸ ਤੋਂ ਰਾਖੀਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।

119. ਪੜਤਾਲਿਉ ਹੁਣ ਆਸ਼ਕ ਕਿਹੜੇ

ਨੇਹੁੰ ਲੱਗਾ ਮਤ ਗਈ ਗਵਾਤੀ, ਨਾਹੁਨੋ-ਅਕਰਬ ਜ਼ਾਤ ਪਛਾਤੀ,
ਸਾਈਂ ਭੀ ਸ਼ਾਹ ਰਗ ਤੋਂ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਹੀਰੇ ਹੋ ਮੁੜ ਰਾਂਝਾ ਹੋਈ, ਇਹ ਗੱਲ ਵਿਰਲਾ ਜਾਣੇ ਕੋਈ,
ਚੁੱਕ ਪਏ ਸਭ ਝਗੜੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਲੈ ਬਾਰਾਤਾਂ ਰਾਤੀਂ ਜਾਗਣ, ਨੂਰ ਨਬੀ ਦੇ ਬਰਸਣ ਲਾਗਣ,
ਉਹੋ ਵੇਖ ਅਸਾਡੇ ਝੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਅਨੁਲਹੱਕ ਆਪ ਕਹਾਇਆ ਲੋਕਾਂ, ਮਨਸੂਰ ਨਾ ਦੇਂਦਾ ਆਪੇ ਹੋਕਾ,
ਮੁੱਲਾਂ ਬਣ ਬਣ ਆਵਣ ਨੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।
ਬੁੱਲ੍ਹਾ ਸ਼ਾਹ ਸ਼ਰੀਅਤ ਕਾਜ਼ੀ ਹੈ, ਹਕੀਕਤ ਪਰ ਭੀ ਰਾਜ਼ੀ ਹੈ,
ਸਾਈਂ ਘਰ ਘਰ ਨਿਆਉਂ ਨਬੇੜੇ, ਪੜਤਾਲਿਉ ਹੁਣ ਆਸ਼ਕ ਕਿਹੜੇ ।

120. ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ
ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ ।
ਆਂਗਨ ਬਣਾ ਡਰਾਉਣਾ, ਕਿਤ ਬਿਧ ਰੈਣ ਵਿਹਾਵੇ ।
ਕਾਗਜ਼ ਕਰੂੰ ਲਿਖ ਦਾਮਨੇ, ਨੈਣ ਆਂਸੂ ਲਾਊਂ ।
ਬਿਰਹੋਂ ਜਾਰੀ ਹੌਂ ਜਾਰੀ, ਦਿਲ ਫੂਕ ਜਲਾਊਂ ।
ਪਾਂਧੇ ਪੰਡਤ ਜਗਤ ਕੇ, ਪੁੱਛ ਰਹੀਆਂ ਸਾਰੇ ।
ਬੇਦ ਪੋਥੀ ਕਿਆ ਦੋਸ ਹੈ, ਉਲਟੇ ਭਾਗ ਹਮਾਰੇ ।
ਨੀਂਦ ਗਈ ਕਿਤੇ ਦੇਸ ਨੂੰ, ਉਹ ਭੀ ਵੈਰਨ ਹਮਾਰੇ ।
ਰੋ ਰੋ ਜੀਓ ਲਾਉਂਦੀਆਂ, ਗਮ ਕਰਨੀ ਆਂ ਦੂਣਾ ।
ਨੈਣੋਂ ਨੀਰ ਨਾ ਚਲੇ, ਕਿਸੇ ਕਿਆ ਕੀਤਾ ਟੂਣਾ ।
ਪੀੜ ਪਰਾਈ ਜਰ ਰਹੀ, ਦੁੱਖ ਰੁੰਮ-ਰੁੰਮ ਜਾਗੇ ।
ਬੇਦਰਦੀ ਬਾਹੀਂ ਟੋਹ ਕੇ, ਮੁੜ ਪਾਛੇ ਭਾਗੇ ।
ਭਾਈਆ ਵੇ ਜੋਤਸ਼ੀਆ, ਇਕ ਬਾਤ ਸੱਚੀ ਵੀ ਕਹੀਓ ।
ਜੋ ਮੈਂ ਹੀਣੀ ਕਰਮ ਦੀ, ਤੁਸੀਂ ਚੁੱਪ ਕੇ ਹੋ ਰਹੀਓ ।
ਇਕ ਹਨੇਰੀ ਕੋਠੜੀ, ਦੂਜਾ ਦੀਵਾ ਨਾ ਬਾਤੀ ।
ਬਾਂਹੋਂ ਫੜ ਕੇ ਲੈ ਚਲੇ, ਕੋਈ ਸੰਗ ਨਾ ਸਾਥੀ ।
ਭੱਜ ਸੱਕਾਂ ਨਾ ਭੱਜਾਂ ਜਾਂ, ਸੱਚ ਇਸ਼ਕ ਫਕੀਰੀ ।
ਦੁਲੜੀ ਤਿਲੜੀ ਚੌਲੜੀ, ਗਲ ਪ੍ਰੇਮ ਜ਼ੰਜੀਰੀ ।
ਪਾਪੀ ਦੋਨੋਂ ਗੁੰਮ ਹੂਏ, ਸਿਰ ਲਾਗੀ ਜਾਣੀ ।
ਗਏ ਅਨਾਇਤ ਕਾਦਰੀ, ਮੈਂ ਫਿਰ ਕਠਨ ਕਹਾਣੀ ।
ਇਕ ਫਿਕਰਾਂ ਦੀ ਗੋਦੜੀ, ਲੱਗੇ ਪ੍ਰੇਮ ਦੇ ਧਾਗੇ ।
ਸੁੱਖੀਆ ਹੋਵੇ ਪੈ ਸਵੇਂ, ਕੋਈ ਦੁੱਖੀਆ ਜਾਗੇ ।
ਦਸਤ ਫੁੱਲਾਂ ਦੀ ਟੋਕਰੀ, ਕੋਈ ਲਿਓ ਬਪਾਰੀ ।
ਦਰ ਦਰ ਹੋਕਾ ਦੇ ਰਹੀਆਂ, ਸਬ ਚਲਣਹਾਰੀ ।
ਪ੍ਰੇਮ ਨਗਰ ਚਲ ਚੱਲੀਏ, ਜਿਥੇ ਕੰਤ ਹਮਾਰਾ ।
ਬੁੱਲ੍ਹਾ ਸ਼ਹੁ ਤੋਂ ਮੰਗਨੀ ਹਾਂ, ਜੋ ਦੇ ਨਜ਼ਾਰਾ ।
ਪੱਤੀਆਂ ਲਿਖੂੰਗੀ ਮੈਂ ਸ਼ਾਮ ਨੂੰ, ਪੀਆ ਮੈਨੂੰ ਨਜ਼ਰ ਨਾ ਆਵੇ ।
ਆਂਗਨ ਬਣਾ ਡਰਾਉਣਾ, ਕਿਤ ਬਿਧ ਰੈਣ ਵਿਹਾਵੇ ।

No comments:

Post a Comment