ਸੁਰਜੀਤ ਸਿੰਘ ਪਾਤਰ


ਸੁਰਜੀਤ ਸਿੰਘ ਪਾਤਰ
ਸੁਰਜੀਤ ਪਾਤਰ ਜੀ ਇੱਕ ਮੰਨੇ ਪ੍ਰਮੰਨੇ ਪੰਜਾਬੀ ਕਵੀ ਹਨ| ਓਹਨਾ ਦਾ ਜਨਮ ਸੰਨ 1944 ਵਿੱਚ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ ' ਪੱਤੜ ਕਲਾਂ ' ਵਿਖੇ ਹੋਇਆ| ' ਪੱਤੜ' ਨਾਮ ਤੋਂ ਹੀ ਓਹਨਾ ਨੇ ਆਪਣਾ ਤਖੱਲਸ "ਪਾਤਰ" ਰੱਖ ਲਿਆ| ਪਾਤਰ ਜੀ ਨੇ M.A. ਪੰਜਾਬੀ ਯੂਨੀਵਰਿਸਟੀ ਪਟਿਆਲਾ ਤੋਂ ਕੀਤੀ ਅਤੇ ਓਸ ਤੋਂ ਬਾਦ Phd ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਸਾਹਿਤ ਵਿੱਚ ਕੀਤੀ ਜਿਸਦਾ ਵਿਸ਼ਾ "Transformation of Folklore in Guru Nanak Vani " ਸੀ|

ਇਸਤੋਂ ਬਾਦ ਓਹ ਅਧਿਆਪਨ ਦੇ ਕਿੱਤੇ ਵਿੱਚ ਆ ਗਏ ਤੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ਤੇ ਸੇਵਾਮੁਕਤ ਹੋਏ|
ਪਾਤਰ ਜੀ ਨੇ ਸੱਠਵੇਂ ਦਹਾਕੇ ਦੇ ਵਿੱਚ ਜਹੇ ਲਿਖਣਾ ਸ਼ੁਰੂ ਕੀਤਾ| ਸ਼ਾਇਰੀ ਵਿੱਚ ਓਹਨਾ ਦੀਆਂ ਮੁੱਖ ਕਿਤਾਬਾਂ "ਹਵਾ ਵਿੱਚ ਲਿਖੇ ਹਰਫ਼", "ਬਿਰਖ ਅਰਜ਼ ਕਰੇ", "ਹਨੇਰੇ ਵਿੱਚ ਸੁਲਗਦੀ ਵਰਨਮਾਲਾ", "ਲਫ਼ਜ਼ਾਂ ਦੀ ਦਰਗਾਹ", "ਪਤਝੜ ਦੀ ਪਾਜ਼ੇਬ" ਅਤੇ "ਸੁਰ-ਜ਼ਮੀਨ" ਹਨ|
ਜਨਾਬ ਪਾਤਰ ਹੁਨਾ ਨੇ Federico García Lorca ਦੇ ਤਿੰਨ ਦੁਖਾਂਤ , ਗਿਰੀਸ਼ ਕਾਰਨਾਡ ਦਾ ਨਾਟਕ "ਨਾਗ ਮੰਡਲ",Bertolt Brecht and Pablo Neruda ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਤਰਜ਼ਮਾ ਕੀਤਾ, ਤੇ Jean Giradoux, Euripides and Racine ਦੇ ਕਈ ਨਾਟਕ ਵੀ ਦੋਬਾਰਾ ਆਪਣੀ ਸੋਚ ਵਿੱਚ ਢਾਲੇ | ਸ਼ੇਖ ਫ਼ਰੀਦ ਤੋਂ ਲੈ ਕੇ ਸ਼ਿਵ ਕੁਮਾਰ ਬਟਾਲਵੀ ਵਰਗੇ ਪੰਜਾਬੀ ਸ਼ਾਇਰਾਂ ਤੇ tele script ਵੀ ਲਿਖੀ|
ਪਾਤਰ ਜੀ ਨੇ ਸ਼ਹੀਦ ਉੱਧਮ ਸਿੰਘ ਦੇ ਸੰਵਾਦ ਲਿਖੇ ਸਨ ਤੇ ਓਹਨਾ ਨੇ ਆਪਣੀ ਸ਼ਾਇਰੀ ਦੀ ਆਪਣੀ ਅਵਾਜ਼ ਵਿੱਚ "ਬਿਰਖ ਜੋ ਸਾਜ਼ ਹੈ" ਨਾਮ ਹੇਠ ਇੱਕ ਟੇਪ ਵੀ ਕੀਤੀ ਸੀ|
ਪਾਤਰ ਜੀ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਰਹਿ ਚੁੱਕੇ ਹਨ|
ਓਹਨਾ ਨੂੰ 1993 ਵਿੱਚ "ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਲਈ ਸਾਹਿਤ ਅਕਾਦਮੀ ਸਨਮਾਨ ਮਿਲਿਆ ਅਤੇ 1999 ਵਿੱਚ "ਭਾਰਤੀ ਭਾਸ਼ਾ ਪਰਿਸ਼ਦ ਕਲਕੱਤਾ" ਵਲੋਂ "ਪੰਚਨਾਦ ਪੁਰਸਕਾਰ" ਦਿੱਤਾ ਗਿਆ|
ਸੁਰਜੀਤ ਪਾਤਰ ਦੀਆ ਰਚਨਾਵਾ
1.) ਆਪੋਧਾਪੀ ਮੱਚ ਗਈ  2.) ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ
3.) ਅਸਾਂ ਵੀ 4.) ਅਸਾਡੀ ਤੁਹਾਡੀ ਮੁਲਾਕਾਤ ਹੋਈ
6.) ਆਈ ਹੈ 7.) ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
8.) ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ, 9.) ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
10.) ਮੈ ਰਾਹਾਂ ਤੇ ਨਹੀਂ ਤੁਰਦਾ,ਮੈ ਤੁਰਦਾ ਹਾਂ ਤਾਂ ਰਾਹ ਬਣਦੇ 11.) ਕੋਈ ਡਾਲੀਆ ਚੋ ਲੰਗੇਆ ਹਵਾ ਬਣ ਕੇ,
12.) ਜਿਹਡੀ ਰੁਤ ਨੂੰ ੳਮਰਾ ਕਹਿੰਦੇ ੳਸ ਦੀ ਠੰਡ ਵੀ ਕੈਸੀ ਹੈ 13.) balda birkh han, khatam han
14.) laggi jo tere kaalje haale shuri nahi 15.) ਕੋਈ ਮਾਂ ਨਹੀਂ ਚਾਹੁੰਦੀ
16.) ਇਹ ਜੋ ਚੰਨ ਦੀ ਚਾਨਣੀ ਹੈ 17.) ਤੂੰ ਬੇਚੈਨ ਕਿਓਂ ਹੈਂ ਤੂੰ ਰੰਜੂਰ ਕਿਓਂ ਹੈਂ
18.) ਜੀ ਸਲਾਮ ਆਖਣਾਂ. 19.) ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫਤਗੂ
20.) ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ 21.) ਮੈਂ ਬਣਾਵਾਂਗਾ ਹਜ਼ਾਰਾ ਵੰਝਲੀਆਂ
22.) ਕਿੱਧਰ ਗਿਆ 23.) ਮਿਆਨੋਂ ਤੇਗ ਨਾ ਤਰਕਸ਼ 'ਚੋਂ ਕੋਈ ਤੀਰ ਖਿੱਚਾਂਗਾ
24.) ਇਸ ਨਦੀ ਨੂੰ 25.) ਚੀੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ 'ਤੇ
26.) ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ 27.) ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
28.) ਨਿੱਤ ਸੂਰਜਾਂ ਨੇ ਚੜਨਾ, ਨਿੱਤ ਸੂਰਜਾਂ ਨੇ ਲਹਿਣਾ 29.) ਹਨੇਰੀ ਵੀ ਜਗਾ ਸਕਦੀ ਹੈ ਦੀਵੇ
30.) ਇਹ ਕਵਿਤਾ ਪਾਸ਼ ਨੇ ਪਾਤਰ ਤੇ ਲਿਖੀ ਸੀ 31.) ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨੇ ਮਿਲੇ
32.) ਚਾਨਣ ਵੀ ਕੁਛ ਕਰਾਂ ਮੈਂ 33.) ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ
34.) ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ 35.) ਇਕ ਪਲ ਸਿਰਫ ਮਿਲੇ ਸਾਂ ਆਪਾਂ
36.) ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਈਆ 37.) ਅਸੀਂ ਕੋਈ ਖੋਤੇ ਆਂ ?
38.) ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ 39.) ਮੈਂ ਕੱਲ ਅਸਮਾਨ ਡਿਗਦਾ ਤਾਰੇ ਟੁੱਟਦੇ
40.) ਉਮਰ ਦੇ ਸੁੰਨੇ ਹੋਣਗੇ ਰਸਤੇ , 41.) ਕਦੀ ਜੰਗਲਾਂ ਦੇ ਅੰਦਰ ,
42.) ਨਮਸਕਾਰ 43.) ਇਕ ਦੀ ਰਾਸ਼ੀ ਧਰਤ ਸੀ
44.) ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ 45.) ਪੁਲ਼
46.) ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ 47.) ਮੇਰੀ ਖੁਦਕੁਸ਼ੀ ਦੇ ਰਾਹ ਵਿੱਚ
48.) ਤੁੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ 49.) ਉਦਾਸ ਹੋਵੀਂ ਨਿਰਾਸ਼ ਹੋਵੀਂ
50.) ਇਸ ਨਗਰੀ ਤੇਰਾ ਜੀ ਨਹੀਂ ਲੱਗਦਾ 51.) ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ,
52.) ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਣਾ ਹੈ 53.) ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ
54.) ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ 55.) ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ 56.) ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ 57.) ਇਕ ਖਾਬ ਦੇ ਤੇ ਕਿਤਾਬ ਦੇ
58.) ਮੇਰੇ ਮਨ ਵਿਚ ਖੌਫ਼ ਬਹੁਤ ਨੇ 59.) ਸ਼ਬਦੋ |
60.) ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ 61.) ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ
62.) ਕਿਵੇਂ ਲਿੱਖਾਂ ਮੈਂ 63.) ਹਜ਼ਾਰਾਂ ਪਰਿੰਦੇ
64.) ਬੂਹੇ ਦੀ ਦਸਤਕ ਤੋਂ ਡਰਦਾ 65.) ਤੁੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ
66.) ਨ ਮੈਨੂੰ ਛੱਡ ਕੇ ਕੇ ਜਾਵੀਂ ਕਦੀ ਤੂੰ 67.) ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ 




ਸੁਰਜੀਤ ਸਿੰਘ ਪਾਤਰ ਜੀ ਦੀਆ ਰਚਨਾਵਾ

ਆਪੋਧਾਪੀ ਮੱਚ ਗਈ

ਆਪੋਧਾਪੀ ਮੱਚ ਗਈ, ਝੂਠ ਬਦੀ ਖੁਦਗਰਜ਼ੀਆਂ
ਸਭ ਦੀ ਸਾਂਝੀ ਫੌਜ਼ ਦਾ ਸ਼ਹਿਰ 'ਤੇ ਹੱਲਾ ਹੋ ਗਿਆ
ਮੇਰੇ ਵੇਂਹਦਿਆਂ ਵੇਂਹਦਿਆਂ ਭੇਤ ਨਹੀਂ ਕਿਉਂ ਹਰ ਕੋਈ
ਵਸਦੇ ਰਸਦੇ ਸ਼ਹਿਰ ਵਿਚ ਕੱਲਾ ਕੱਲਾ ਹੋ ਗਿਆ

ਬਿਰਤੀ ਜਿਹੀ ਬਿਖੇਰਦਾ, ਲੱਗੀ ਟੇਕ ਉਖੇੜਦਾ
ਸੁਰਤ ਭੁਲਾਈ ਜਾਂਵਦਾ, ਅੱਖੀਂ ਘੱਟਾ ਪਾਂਵਦਾ
ਕੱਪੜ-ਲੀੜ ਉਡਾਂਵਦਾ, ਝੱਖੜ ਆਇਆ ਲਾਂਭ ਦਾ
ਮੈਂ ਤਾਂ ਸਭ ਕੁਝ ਸਾਂਭਦਾ ਯਾਰੋਂ ਝੱਲਾ ਹੋ ਗਿਆ

ਬੀਤੇ ਦਾ ਨਾ ਜ਼ਿਕਰ ਕਰ, ਬਸ ਤੂੰ ਅਗਲਾ ਫਿਕਰ ਕਰ
ਪੁੰਗਰੀ ਪੌਧ ਸੰਭਾਲ ਤੂੰ, ਮਰ ਨਾ ਮਰਦੇ ਨਾਲ ਤੂੰ
ਹੁਣ ਕੀ ਬਹਿ ਕੇ ਰੋਵਣਾ, ਗਮ ਦੀ ਚੱਕੀ ਝੋਵਣਾ
ਜਿਹੜਾ ਕੁੱਝ ਸੀ ਹੋਵਣਾ ਉਹ ਤਾਂ ਮੱਲਾ ਹੋ ਗਿਆ

ਸਿਮ ਸਿਮ ਬਰਫਾਂ ਢਲਦੀਆਂ, ਨਿਮ ਨਿਮ ਪਾਣੀ ਬਹਿ ਰਹੇ
ਛਮ ਛਮ ਕਣੀਆਂ ਵਰਦੀਆਂ, ਝਿਮ ਝਿਮ ਰਿਸ਼ਮਾਂ ਕਰਦੀਆਂ
ਕੀ ਸੁਣਨੇ ਉਪਦੇਸ਼ ਮੈਂ ਮੁੱਲਾਂ ਦੇ ਆਦੇਸ਼ ਮੈਂ
ਆਲਮ ਦਾ ਸੰਗੀਤ ਹੀ ਮੇਰਾ ਅੱਲਾ ਹੋ ਗਿਆ.....

ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ

ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ
ਤੂੰ ਕਰ ਨ ਕੋਈ ਲਿਹਾਜ਼ ਆ ਜਾ
ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ
ਤੂੰ ਜਾਲ ਰੀਤਾਂ ਰਿਵਾਜ ਆ ਜਾ

ਵਜੂਦ ਮੇਰਾ ਹਜ਼ਾਰ ਤਾਰਾਂ
ਦਾ ਬੇਸੁਰਾ ਅੱਜ ਏ ਸ਼ਾਜ ਆ ਜਾ
ਖਿਆਲ ਹੋ ਜਾਂ ਨੁਹਾਰ ਬਣ ਕੇ
ਐ ਸੋਜ਼ ਸਰਗਮਨਵਾਜ਼ ਆ ਜਾ

ਬਗੈਰ ਤੇਰੇ ਇਹ ਦਿਲ ਹੈ ਪੱਥਰ
ਹਵਾ ਹੈ ਗੁਮਸੁਮ ਫਿਜ਼ਾ ਹੈ ਬੋਝਲ
ਤੂੰ ਪੌਣ ਬਣ ਕੇ ਤੂੰ ਹੋ ਕੇ ਰਿਮਝਿਮ
ਐ ਨਜ਼ਮ ਨਾਜ਼ਕ ਮਿਜ਼ਾਜ ਆ ਜਾ

ਮੈਂ ਬੇਹੇ ਪਾਣੀ ਨੂੰ ਭਾਫ ਕਰਨਾ
ਮੈਂ ਫੇਰ ਕਣੀਆਂ ਦੇ ਵਾਂਗ ਵਰਨਾ
ਮੈਂ ਤੇਰੇ ਤੀਰਾਂ ਦਾ ਵਾਰ ਜਰਨਾ
ਐ ਮੇਰੇ ਸੂਰਜ ਸਿਰਾਜ ਆ ਜਾ

ਉਮੀਦ ਵਾਲੀ ਨ ਢਾਹ ਅਟਾਰੀ
ਨ ਬੰਦ ਕਰ ਇਹ ਉਡੀਕ ਬਾਰੀ
ਤੂੰ ਢੋ ਨ ਬੂਹੇ, ਬੁਝਾ ਨ ਦੀਵੇ
ਵਿਛੋੜੀਆ ਵੇ ਤੁੰ ਬਾਜ਼ ਆ ਜਾ............

ਅਸਾਂ ਵੀ

ਅਸਾਂ ਵੀ ਅੰਤ ਕਿਰ ਕੇ ਖਾਦ ਹੋਣਾ
ਕਦੀ ਸਾਂ ਫੁੱਲ ਇਹ ਕਿਸ ਨੂੰ ਯਾਦ ਹੋਣਾ

ਕਿਸੇ ਦਿਸਣਾ, ਕਿਸੇ ਨੇ ਗੁੰਮ ਹੋਣਾ
ਕਿਸੇ ਗੁੰਬਦ, ਕਿਸੇ ਬੁਨਿਆਦ ਹੋਣਾ

ਮੇਰੇ ਨੇਰੇ ਤੇ ਤੇਰੀ ਰੌਸ਼ਨੀ ਦਾ
ਹੈ ਮਨ ਵਿਚ ਉਮਰ ਭਰ ਸੰਵਾਦ ਹੋਣਾ

ਸੁਲਗਦੇ ਲਫਜ਼ ਨੇ ਸੜ ਜਾਣਗੇ ਇਹ
ਨਹੀਂ ਇਹਨਾਂ ਕਦੇ ਫਰਿਆਦ ਹੋਣਾ

ਉਦੋਂ ਸਮਝਣਗੇ ਲੋਕੀਂ ਦਿਲ ਦੀ ਅੱਗ ਨੂੰ
ਸਿਵੇ ਵਿਚ ਜਦ ਇਹਦਾ ਅਨੁਵਾਦ ਹੋਣਾ..............

ਅਸਾਡੀ ਤੁਹਾਡੀ ਮੁਲਾਕਾਤ ਹੋਈ

ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ 'ਤੇ ਬਰਸਾਤ ਹੋਈ

ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ

ਤੂੰ ਤੱਕਿਆ ਤਾਂ ਰੁੱਖਾ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ

ਮੈਂ ਉਸਦਾ ਹੀ ਲਫਜ਼ਾਂ ' ਅਨੁਵਾਦ ਕੀਤਾ
ਜੁ ਰੁੱਖਾਂ ਤੇ ਪੌਣਾਂ 'ਚ ਗੱਲਬਾਤ ਹੋਈ

ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
ਅਜਬ ਗੱਲ ਖਵਾਤੀਨੋ ਹਜ਼ਰਾਤ ਹੋਈ

ਪਲਕ ਤੇਰੀ ਮਿਜ਼ਰਾਬ, ਦਿਲ ਸਾਜ਼ ਮੇਰਾ
ਸੀ ਅਨੁਰਾਗ ਦੀ ਇਉਂ ਸ਼ੁਰੂਆਤ ਹੋਈ

ਉਹ ਓਨਾ ਕੁ ਖੁਰਿਆ ਪਿਘਲਿਆ ਤੇ ਰੁਲਿਆ
ਹੈ ਜਿੰਨੀ ਕੁ ਜਿਸ ਜਿਸ ਦੀ ਔਕਾਤ ਹੋਈ

ਉਨੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ
ਨਹੀਂ ਐਵੇਂ ਸੁਕਰਾਤ ਸੁਕਰਾਤ ਹੋਈ

ਰਗਾਂ ਰਾਗ ਹੋਈਆਂ, ਲਹੂ ਲਫਜ਼ ਬਣਿਆ
ਕਵੀ ਦੀ ਤੇ ਕਵਿਤਾ ਦੀ ਇਕ ਜ਼ਾਤ ਹੋਈ.....

ਆਈ ਹੈ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਓ ਸਰਦਲਾਂ ਤੋਂ ਚੁੱਕ ਕੇ ਅਕਬਾਰ ਆਈ ਹੈ

ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ
ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ

ਲਗਾਈ ਸੀ ਜੋ ਤੀਲਾਂ ਨਾਲ, ਬੁਝਦੀ ਨਾ ਅਪੀਲਾਂ ਨਾਲ
ਨਹੀਂ ਮੁੜਦੀ ਦਲੀਲਾਂ ਨਾਲ ਅਗਨ ਜੁ ਦੁਆਰ ਆਈ ਹੈ

ਐ ਮੇਰੇ ਸ਼ਹਿਰ ਦੇ ਲੋਕੋ ਬਹੁਤ ਖੁਸ਼ ਹੈ ਤੁਹਾਡੇ ਤੇ
ਤੁਹਾਡੇ ਸ਼ਹਿਰ ਵੱਲ ਗਿਰਝਾਂ ਦੀ ਇਹ ਜੋ ਡਾਰ ਆਈ ਹੈ

ਅਸਾਂ ਬੀਜੇ, ਤੁਸਾਂ ਬੀਜੇ, ਕਿਸੇ ਬੀਜੇ, ਚਲੋ ਛੱਡੋ
ਕਰੋ ਝੋਲੀ, ਭਰੋ ਅੰਗਿਆਰ, ਲਉ ਕਿ ਬਹਾਰ ਆਈ ਹੈ

ਨਦੀ ਏਨੀ ਚੜ੍ਹੀ ਕਿ ਨੀਰ ਦਹਿਲੀਜ਼ਾਂ ‘ਤੇ ਚੜ੍ਹ ਆਇਆ
ਬਦੀ ਏਨੀ ਵਧੀ ਕਿ ਆਪਣੇ ਵਿਚਕਾਰ ਆਈ ਹੈ

ਕੋਈ ਕੋਂਪਲ ਨਵੀਂ ਫੁੱਟੀ ਕਿ ਕੋਈ ਡਾਲ ਹੈ ਟੁਟੀ
ਕਿ ਆਈ ਜਾਨ ਵਿਚ ਮੁੱਠੀ, ਕਿਸੇ ਦੀ ਤਾਰ ਆਈ ਹੈ ।

ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ

ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ

ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜ੍ਹੇ ਰਹਿਣਗੇ

ਯਾਰ ਮੇਰੇ ਜੋ ਇਸ ਆਸ ਤੇ ਮਰ ਗਏ
ਕਿ ਮੈਂ ਉੱਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁਪ ਹੀ ਰਿਹਾ ਜੇ ਮੈਂ ਕੁਛ ਨਾ ਕਿਹਾ
ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ

ਜੋ ਬਦੇਸ਼ਾਂ ‘ਚ ਰੁਲ਼ਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਕੀ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣੇ ਸੂਰਜ ਚੜਣ ਲਹਿਣਗੇ

ਇਹ ਰੰਗਾਂ ‘ਚ ਚਿਤਰੇ ਨੇ ਖੁਰ ਜਾਣਗੇ
ਇਹ ਜੋ ਮਰਮਰ ‘ਚ ਉਕਰੇ ਨੇ ਮਿਟ ਜਾਣਗੇ
ਬਲਦੇ ਹੱਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ ਉਹੀ ਹਮੇਸ਼ਾ ਲਿਖੇ ਰਹਿਣਗੇ

ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ ਤੇ
ਜੇ ਹਵਾ ਇਹ ਰਹੀ ਕਬਰਾਂ ਉਤੇ ਤਾਂ ਕੀ
ਸਭ ਘਰਾਂ ‘ਚ ਵੀ ਦੀਵੇ ਬੁਝੇ ਰਹਿਣਗੇ

ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ,

ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ,
ਮੇਰਾ ਫਰਜ਼ ਹਰ ਥਾਂ 'ਤੇ ਵੰਡਣਾ ਆਜ਼ਾਦੀ,
ਜੀਵੋ ਅਤੇ ਜੀਣ ਦੇਵੋ ਦਾ ਨਾਅਰਾ,
ਮੈਂ ਿਲਖਕੇ ਮਿਜ਼ਾਈਲਾਂ 'ਤੇ ਥਾਂ-ਥਾਂ 'ਤੇ ਘਲਦਾ,
ਮੈਂ ਲੋਕਾਂ ਦੇ ਹੱਕਾ ਦੀ ਰਾਖੀ ਦਾ ਵਾਿਰਸ,
ਥਾਂ-ਥਾਂ 'ਤੇ ਬੰਬਾ ਦੇ ਪਿਹਰੇ ਿਬਠਾਉਂਦਾ,
ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ,
ਤੇ ਿਸਰਤਾਜ ਮਹਾਂ ਤਾਜਰਾਂ ਦਾ ਕਹਾਉਣਾ,
ਇਹ ਅੱਲਾਹ ਦੀ ਮਰਜ਼ੀ,ਖੁਦਾ ਦਾ ਹੈ ਭਾਣਾ,
ਸਲੀਬਾਂ ਤੁਹਾਡੇ ਹੀ ਅੰਗ ਸੰਗ ਹੈ ਰਿਹਣਾ,
ਿਤਰਸ਼ੂਲਾਂ,ਖੰਜਰਾਂ ਤੇ ਤੇਗਾਂ ਦੀ ਤੇਹ ਨੂੰ,
ਆਖਰ ਤੁਹਾਡੇ ਲਹੂ ਨੇ ਬੁਝਾਉਣਾ,
ਮੈ ਿਮਜ਼ਾਈਲਾਂ,ਐਟਮ,ਤਬਾਹੀ ਿਦਆਂਗਾਂ,
ਚੁੱਕਣਾ ਤੁਸੀਂ ਹੀ ਹੈ ਮਲਬਾ ਘਰਾਂ ਦਾ,
ਿਪੱਠਾਂ ਤੇ ਸਾਡੇ ਜੋ ਇਤਿਹਾਸ ਿਲਖਿਆ,
ਜ਼ਰਾ ਪੜਕੇ ਦੇਖੋ ਕੇ ਹਰ ਸਤਰ ਦੱਸੇ,
ਤੁਸੀ ਸਮਝਦੇ ਹੋ ਜਦੋਂ ਿਸਰ ਿਸਰਾਂ ਨੂੱ,
ਅਸੀ ਫੇਰ ਲਾਸ਼ਾਂ ਦੀ ਿਗਣਤੀ ਨਹੀਂ ਕਰਦੇ,
ਤੁਸੀ ਖੁਦ ਜ਼ਾਿਹਰ ਕਰੋ ਿਕ ਤੁਸਾਂ ਲਈ,
ਲਾਸ਼ਾਂ ਨੇ ਗੀਟੇ,ਤੇ ਗੀਟੇ ਖੁਦਾ ਨੇ,
ਅਸੀ ਫੇਰ ਲਾਸ਼ਾਂ ਦੀ ਿਗਣਤੀ ਨਹੀਂ ਕਰਦੇ,
ਤੁਸੀ ਕਾਤਲਾ ਨੂੰ ਮਹਾਂ ਨਾਇਕ ਕਿਹ ਕੇ,
ਆਪਣੇ ਿਸਰਾਂ ਤੇ ਬਿਠਾਉਂਦੇ ਰਹੇ ਹੋ,
ਅਸੀ ਫੇਰ ਲਾਸ਼ਾਂ ਦੀ ਿਗਣਤੀ ਨਹੀਂ ਕਰਦੇ,

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।

ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ

ਤੇ ਫਿਰ ਅਗਲੀ ਫਸਲ ਦੇ, ਬੀ ਗਏ ਖਿਲਾਰੇ
ਵੱਢੇ ਗਏ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ

ਓਹੀ ਛਿੱਟੇ ਖੂਨ ਦੇ, ਬਣ ਗਏ ਬਹਾਨਾ
ਸਾਡੀ ਪੱਗ ਨੂੰ ਪੈ ਗਿਆ ਆਪਣਾ ਬੇਗਾਨਾ
ਜਿੱਥੋਂ ਤਕ ਛਾਂ ਤਖਤ ਦੀ ਅੱਗਾਂ ਹੀ ਅੱਗਾਂ
ਚੌਕ –ਚੁਰਾਹੇ ਸੜਦੀਆਂ ਪੱਗਾਂ ਹੀ ਪੱਗਾਂ

ਪੱਤੇ ਬੂਟੇ ਡੋਡੀਆਂ ਫੁੱਲਾਂ ਦੀਆਂ ਲੜੀਆਂ
ਸਭ ਕੁਝ ਅੱਗ ਵਿਚ ਸੜ ਗਿਆ
ਮਿਰਚਾਂ ਨਾ ਸੜੀਆਂ
ਉਹ ਮਿਰਚਾਂ ਜ਼ਹਿਰੀਲੀਆਂ
ਏਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ
ਅੱਗ ਦੇ ਵਿਚ ਸਾੜੋ ।

ਅੱਗ ਪਿਤਰਾਂ ਦੀ ਜੀਭ ਹੈ
ਓਦੀ ਭੇਟਾ ਚਾੜ੍ਹੋ
ਉਹ ਪਿਤਰਾਂ ਦਾ ਬੀਜਿਆਂ
ਬੀਤੇ ਸੰਗ ਸਾੜੋ ।

ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆਂ ਏਦ੍ਹੇ ਸਿਰ ਤੋਂ ਵਾਰੋ

ਮੈ ਰਾਹਾਂ ਤੇ ਨਹੀਂ ਤੁਰਦਾ


ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣਦੇ

ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ

ਜੁ ਲੋ ਮੱਥੇ 'ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖਤ 'ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ

ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ

ਉਦੋਂ ਤਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ

ਫਕੀਰਾਂ ਦੇ ਸੁਖਨ, ਕੁਛ ਯਾਰ, ਕੁਛ ਤਾਰੀਖ ਦੇ ਮੰਜ਼ਰ
ਜਦੋਂ ਮੈਂ ਜ਼ਖਮ ਖਾ ਲੈਨਾਂ, ਮੇਰੀ ਖਾਤਰ ਪਨਾਹ ਬਣਦੇ

ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ ਸਿਆਹ ਬਣਦੇ

ਕਦੀ ਦਰਿਆ ਇੱਕਲਾ ਤੈ ਨਹੀਂ ਕਰਦਾ ਦਿਸ਼ਾ ਆਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ

ਅਚਨਚੇਤੀ ਕਿਸੇ ਬਿੰਦੂ 'ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ, ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ

ਇਹ ਤੁਰਦਾ ਕੌਣ ਹੈ, ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ

ਜਦੋਂ ਤਕ ਲਫਜ਼ ਜਿਊਂਦੇ ਨੇ, ਸੁਖਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਆਂ ਵਿਚ ਸੁਆਹ ਬਣਦੇ

ਹਮੇਸ਼ਾ ਲੋਚਿਆ ਬਣਨਾ, ਤੁਹਾਡੇ ਪਿਆਰ ਦੇ " ਪਾਤਰ "
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ......

ਕੋਈ ਡਾਲੀਆ ਚੋ ਲੰਗੇਆ ਹਵਾ ਬਣ ਕੇ,

ਕੋਈ ਡਾਲੀਆ ਚੋ ਲੰਗੇਆ ਹਵਾ ਬਣ ਕੇ,
ਅਸੀ ਰੇਹ ਗਏ ਬਿਰ੍ਖ਼ ਵਾਲੀ ਹਾ ਬਣ ਕੇ........

ਪੇੜਾ ਤੇਰੀਆ ਤੇ ਦੂਰ ਦੂਰ ਤੀਕ ਮੇਰੇ ਪੱਤੇ,
ਡਿੱਗੇ ਮੇਰਿਆ ਬਹਾਰਾਂ ਦਾ ਗੁਨਾਹ ਬਣ ਕੇ...

ਪੇਆ ਅੰਬੀਆ ਨੂੰ ਬੂਰ ਸੀ ਕੇ ਕੋਏਲ ਕੂਕ ਪਈ,
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ....

ਕਦੀ ਬੰਦੇਆ ਦੇ ਵਾਂਗ ਸਾਨੂੰ ਮਿਲੇਆ ਵੀ ਕਰ,
ਏਵੇਂ ਲੰਘ ਜਾਂਦਾ ਪਾਣੀ ਕਦੇ ਵਾ' ਬਣ ਕੇ....

ਜਦੋਂ ਮਿਲੇਆ ਸੀ ਹਾਣ ਦਾ ਸੀ ਸਾਂਵਲਾ ਜਿਹਾ,
ਜਦੋਂ ਜੁਦਾ ਹੋਏਆ ਤੁਰ ਗੇਆ ਖੁਦਾ ਬਣ ਕੇ....

ਜਿਹਡੀ ਰੁਤ ਨੂੰ ੳਮਰਾ ਕਹਿੰਦੇ ੳਸ ਦੀ ਠੰਡ ਵੀ ਕੈਸੀ ਹੈ

ਜਿਹਡੀ ਰੁਤ ਨੂੰ ੳਮਰਾ ਕਹਿੰਦੇ ੳਸ ਦੀ ਠੰਡ ਵੀ ਕੈਸੀ ਹੈ
ਜਿਸ ਦਿਨ ਤੀਕ ਸਿਵਾ ਨਾ ਸੇਕਣ ਰਹਿਣ ਵਿਚਾਰੇ ਠਰਦੇ ਲੋਕ

ਰੇਤੇ ੳਤੋਂ ਪੈਡ ਮਿਟਦਿਆਂ ਫਿਰ ਵੀ ਕੁਛ ਚਿਰ ਲਗਦਾ ਹੈ
ਕਿੰਨੀ ਛੇਤੀ ਭੁੱਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ

ਲਿਸ਼ਕਦੀਆਂ ਤਲਵਾਰਾਂ ਕੋਲੋਂ ਕਿਹੜਾ ਅਜਕਲ ਡਰਦਾ ਏ
ਡਰਦੇ ਨੇ ਤਾਂ ਕੇਵਲ ਅਪਨੇ ਸ਼ੀਸ਼ੇ ਕੋਲੋਂ ਡਰਦੇ ਲੋਕ

ਜੋ ਤਲੀਆਂ ਤੇ ਚੰਦ ਟਿਕਾ ਕੇ ਗਲੀਆਂ ਦੇ ਵਿਚ ਫਿਰਦਾ ਹੈ
ਓਸ ਖੁਦਾ ਦੇ ਪਿੱਛੇ ਲੱਗੇ ਪਾਗਲ ਪਾਗਲ ਕਰਦੇ ਲੋਕ

ਇਹ ਇਕ ਧੁਖਦਾ ਰੁਖ ਆਇਆ ਹੈ, ਇਹ ਆਈ ਧੁਨ ਮਾਤਮ ਦੀ
ਇਨਾਂ ਲਈ ਦਰਵਾਜ਼ਾ ਖੋਲੋ ਇਹ ਤਾਂ ਅਪਨੇ ਘਰ ਦੇ ਲੋਕ

ਐਸੀ ਰਾਤ ਵੀ ਕਦੀ ਕਦੀ ਤਾਂ ਮੇਰੇ ਪਿੰਡ ਤੇ ਪੈਂਦੀ ਹੈ
ਦੀਵੇ ਹੀ ਬੁਝ ਜਾਣ ਨਾ ਕਿਧਰੇ ਹੌਕਾ ਲੈਣ ਨਾ ਡਰਦੇ ਲੋਕ

ਪੈਸਾ ਧੇਲਾ, ਜੱਗ ਝਮੇਲਾ, ਰੌਣਕ ਮੇਲਾ, ਮੈਂ ਮੇਰੀ
ਸਿਵਿਆਂ ਕੋਲੋਂ ਕਾਹਲੀ ਕਾਹਲੀ ਲੰਘੇ ਗੱਲਾਂ ਕਰਦੇ ਲੋਕ

ਰਾਜੇ-ਪੁੱਤਰਾਂ ਬਾਗ ਓੁਜਾੜੇ, ਦੋਸ਼ ਹਵਾ ਸਿਰ ਧਰਦੇ ਲੋਕ
ਬਾਗ ਤਾਂ ਓੁਜੜੇ, ਜਾਨ ਨਾ ਜਾਵੇ, ਏੇਸੇ ਗੱਲੋਂ ਡਰਦੇ ਲੋਕ

balda birkh han, khatam han

balda birkh han, khatam han, bas shaam teek han
fer v kise bahaar di karda udeek han

main tan nahi rahanga mere geet rehan ge
paani ne mere geet main paani te leek han

jina ne menu cheer k vanjhli bana liya
vanjhli de roop wich main us junglr di cheek han

agg da safa hai us te main fullan di satar han
oh behas kar rahe ne galat han ya thik han



laggi jo tere kaalje haale shuri nahi

laggi jo tere kaalje haale shuri nahi
eh na samjh ki shehar di halat buri nahi

wajda basant raag hai je radio te roz
matlab na lai ki paun khizan di turi nahi (khizan- patjhad)

kujh lok samjhde ne bas ena ku raag nu
sone di je hai bansuri tan besuri nahi

har waqt khurdi jaapdi hai bhawen fer v
paani ch tikki chan di aj tak khuri nahi



ਕੋਈ ਮਾਂ ਨਹੀਂ ਚਾਹੁੰਦੀ

ਕੋਈ ਮਾਂ ਨਹੀਂ ਚਾਹੁੰਦੀ
ਲਹੂ ਜ਼ਮੀਨ ਤੇ ਡੁੱਲੇ

ਹਰ ਮਾਂ ਚਾਹੁੰਦੀ ਏ ਧੀਆਂ ਪੁੱਤਰ
ਤੇ ਵਧਦੀਆਂ ਫੁੱਲਦੀਆਂ ਫਸਲਾਂ

ਹਰ ਮਾਂ ਚਾਹੁੰਦੀ ਏ
ਲੋਹਾ ਕੋਈ ਲਾਹੇਵੰਦਾ ਔਜ਼ਾਰ ਬਣੇ
ਜਾਂ ਸਾਜ਼ ਦੀ ਤਾਰ ਬਣੇ

ਕੋਈ ਮਾਂ ਨਹੀਂ ਚਾਹੁੰਦੀ
ਲੋਹਾ ਹਿਥਆਰ ਬਣੇ

ਪਰ ਜਦੋਂ ਲਹੂ ਖੌਲਦਾ ਏ
ਤਾਂ ਲੋਹੇ ਨੂੰ ਹਿਥਆਰ ਬਣਾ ਲੈਂਦਾ ਏ
ਤੇ ਹਾਂ
ਕਦੀ ਮਾਵਾਂ
ਆਪਣੀ ਹੱਥੀਂ ਵੀ
ਪੁੱਤਾਂ ਨੂੰ ਅਣਖ ਦੀ ਜੰਗ ਲੜਨ ਤੋਰਦੀਆਂ ਨੇ

ਲਹੂ ਜਮੀਨ ਤੇ ਡੁੱਲਦਾ ਏ
ਜ਼ਮੀਨ ਲਹੂ ਨੂੰ ਜੀਰ ਲੈਂਦੀ ਏ
ੳੁਸ ਨੂੰ ਤੱਤਾਂ ਿਵੱਚ ਬਦਲ ਲੈਂਦੀ ਏ

ਕੁਦਰਤ ਲਈ ਮੌਤ ਦਾ ਅਰਥ ਮੌਤ ਨਹੀਂ
ਕੁਦਰਤ ਲਈ ਮੌਤ ਦਾ ਅਰਥ ਤੱਤਾਂ ਦਾ ਰੂਪ ਬਦਲਣਾ
ਕੁਦਰਤ ਲਈ ਮੌਤ ਦਾ ਅਰਥ ਇੱਕ ਹੋਰ ਜਨਮ

ਪਰ ਮਾਂਵਾਂ ਲਈ ਕੁਦਰਤ ਲਈ ਮੌਤ ਦਾ ਅਰਥ ਹੈ
ਕੁੱਖਾਂ ਚੋਂ ਜਾਏ ਦਾ ਅੰਤਹੀਣ ਅੰਧਕਾਰ ਿਵੱਚ ਡੁੱਬ ਜਾਣਾ

ਇਹ ਜੋ ਚੰਨ ਦੀ ਚਾਨਣੀ ਹੈ

ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ

ਤੂੰ ਬੇਚੈਨ ਕਿਓਂ ਹੈਂ ਤੂੰ ਰੰਜੂਰ ਕਿਓਂ ਹੈਂ

ਤੂੰ ਬੇਚੈਨ ਕਿਓਂ ਹੈਂ ਤੂੰ ਰੰਜੂਰ ਕਿਓਂ ਹੈਂ
ਤੂੰ ਸੀਨੇ ਨੂੰ ਲੱਗ ਕੇ ਵੀ ਇਓਂ ਦੂਰ ਕਿਓਂ ਹੈਂ

ਕਿਵੇਂ ਬਲ ਰਿਹੈਂ ਤੂੰ ਉਹ ਕੀ ਜਾਣਦੇ ਨੇ
ਜੁ ਪੁਛਦੇ ਨੇ ਤੂੰ ਐਨਾ ਪੂਰ੍ਨੂਰ ਕਿਓਂ ਹੈਂ

ਉਹ ਸੂਲੀ ਚੜ੍ਹਾ ਕੇ ਉਂਨੂੰ ਪੁੱਛਦੇ ਨੇ
ਤੂੰ ਸਾਡੇ ਤੋਂ ਉੱਚਾ ਐ ਮਨਸੂਰ ਕਿਓਂ ਹੈਂ

ਉਹ ਆਪਣੇ ਹੀ ਦਿਲ ਦੀ ਅਗਨ ਵਿਚ ਸੀ ਰੌਸ਼ਨ
ਉਹ ਪੁਛਦੇ ਸੀ ਤੂੰ ਐਨਾ ਮਸ਼ਹੂਰ ਕਿਓਂ ਹੈਂ

ਜੁ ਧਰਤੀ ਵੀ ਭੁੱਲਿਆ ਤੇ ਨੀਹਾਂ ਵੀ ਭੁੱਲਿਆ
ਤੂੰ ਗੁੰਬਦ ਏ ਪਰ ਐਨਾ ਮਗਰੂਰ ਕਿਓਂ ਹੈਂ

ਬਣਾ ਖੁਦ ਮੁਹੱਬਤ ਦਾ ਪੁਲ ਤੂੰ ਖੁਦਾ ਤਕ
ਕਿ ਤੂੰ ਠੇਕੇਦਾਰਾ ਦਾ ਮਜ਼ਦੂਰ ਕਿਓਂ ਹੈਂ

ਹਵਾਵਾਂ 'ਚ ਕਿਓਂ ਨਹੀਂ ਤੂੰ ਲਿਖਦਾ ਮੁਹੱਬਤ
ਤੂੰ ਸ਼ਇਰ ਏ ਫਿਰ ਐਨਾ ਮਜ਼ਬੂਰ ਕਿਓਂ ਹੈ

ਜੀ ਸਲਾਮ ਆਖਣਾਂ.

ਕਹੇ ਸਤਲੁਜ ਦਾ ਪਾਣੀ,
ਆਖੇ ਬਿਆਸ ਦੀ ਰਵਾਨੀ..
ਸਾਡਾ ਜੇਹਲਮ-ਝਨਾਬ ਨੂੰ,
ਸਲਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਰਾਵੀ ਇੱਧਰ ਵੀ ਵਗੇ,
ਰਾਵੀ ਉੱਧਰ ਵੀ ਵਗੇ..
ਲੈ ਕੇ ਜਾਂਦੀ ਕੋਈ,
ਸੁੱਖ ਦਾ ਸੁਨੇਹਾ ਜਿਹਾ ਲੱਗੇ..
ਏਦੀ ਤੋਰ ਨੂੰ ਹੀ,
ਪਿਆਰ ਦਾ ਪੈਗਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਜਿੱਥੇ ਸੱਜਣਾਂ ਦੀ ਪੈੜ,
ਜਿੱਥੇ ਗੂੰਜਦੇ ਨੇਂ ਗੀਤ..
ਜਿੱਥੇ ਪੁੱਗਦੀਆਂ ਪ੍ਰੀਤਾਂ,
ਓਹੀ ਥਾਂਵਾਂ ਨੇਂ ਪੁਨੀਤ..
ਉਨ੍ਹਾਂ ਥਾਂਵਾਂ ਤਾਂਈਂ,
ਸਾਡਾ ਪ੍ਰਣਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਸਦਾ ਮਿਲਣਾਂ ਹੈ ਸੀਨਿਆਂ ਚ’,
ਨਿੱਘਾ ਪਿਆਰ ਲੈ ਕੇ..
ਅਤੇ ਵਿੱਛੜਣਾਂ ਏ,
ਮਿਲਣੇ ਦਾ ਇਕਰਾਰ ਲੈ ਕੇ..
ਕਿਸੇ ਸ਼ਾਮ ਨੂੰ,
ਨਾਂ ਅਲਵਿਦਾ ਦੀ ਸ਼ਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਜੀ ਸਲਾਮ ਆਖਣਾਂ.

ਕਹੇ ਸਤਲੁਜ ਦਾ ਪਾਣੀ,
ਆਖੇ ਬਿਆਸ ਦੀ ਰਵਾਨੀ..
ਸਾਡਾ ਜੇਹਲਮ-ਝਨਾਬ ਨੂੰ,
ਸਲਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਰਾਵੀ ਇੱਧਰ ਵੀ ਵਗੇ,
ਰਾਵੀ ਉੱਧਰ ਵੀ ਵਗੇ..
ਲੈ ਕੇ ਜਾਂਦੀ ਕੋਈ,
ਸੁੱਖ ਦਾ ਸੁਨੇਹਾ ਜਿਹਾ ਲੱਗੇ..
ਏਦੀ ਤੋਰ ਨੂੰ ਹੀ,
ਪਿਆਰ ਦਾ ਪੈਗਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਜਿੱਥੇ ਸੱਜਣਾਂ ਦੀ ਪੈੜ,
ਜਿੱਥੇ ਗੂੰਜਦੇ ਨੇਂ ਗੀਤ..
ਜਿੱਥੇ ਪੁੱਗਦੀਆਂ ਪ੍ਰੀਤਾਂ,
ਓਹੀ ਥਾਂਵਾਂ ਨੇਂ ਪੁਨੀਤ..
ਉਨ੍ਹਾਂ ਥਾਂਵਾਂ ਤਾਂਈਂ,
ਸਾਡਾ ਪ੍ਰਣਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਸਦਾ ਮਿਲਣਾਂ ਹੈ ਸੀਨਿਆਂ ਚ’,
ਨਿੱਘਾ ਪਿਆਰ ਲੈ ਕੇ..
ਅਤੇ ਵਿੱਛੜਣਾਂ ਏ,
ਮਿਲਣੇ ਦਾ ਇਕਰਾਰ ਲੈ ਕੇ..
ਕਿਸੇ ਸ਼ਾਮ ਨੂੰ,
ਨਾਂ ਅਲਵਿਦਾ ਦੀ ਸ਼ਾਮ ਆਖਣਾਂ..
ਅਸੀਂ ਮੰਗਦੇ ਹਾਂ ਖੈਰਾਂ,
ਸੁਬਹ-ਸ਼ਾਮ ਆਖਣਾਂ..
ਜੀ ਸਲਾਮ ਆਖਣਾਂ..||

ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫਤਗੂ


ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫਤਗੂ
ਜਿੱਥੇ ਮੇਰੇ ਲਫਜ਼ਾਂ ਚ ਢਲਦਾ ਹੈ ਮੇਰਾ ਲਹੂ
ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ ਹੀ
ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ

ਮੇਰੇ ਅੰਦਰ ਅਵਾਜ਼ਾਂ ਤਾਂ ਹਨ ਬੇਪਨਾਹ
ਮੇਰੇ ਮੱਥੇ ਚ ਪਰ ਅਕਲ ਦਾ ਤਾਨਾਸ਼ਾਹ
ਸਭ ਅਵਾਜ਼ਾਂ ਸੁਣੂੰ ਕੁਝ ਚੁਣੂੰ ਫਿਰ ਬਣੂੰ
ਫਿਰ ਬਿਆਨ ਆਪਣਾ ਕੋਈ ਜਾਰੀ ਕਰੂ

ਪਰਤ ਉਤਰੀ ਤਾਂ ਮੈਂ ਕਾਮ ਮੋਹ ਲੋਭ ਸਾਂ
ਹੋਰ ਉਤਰੀ ਤਾ ਜਲ ਖਾਕ ਅੱਗ ਪੌਣ ਸਾਂ
ਇਸ ਤੋਂ ਪਹਿਲਾਂ ਕਿ ਲੱਗਦਾ ਪਤਾ ਕੌਣ ਹਾਂ
ਹੋ ਗਿਆ ਹੋਂਦ ਆਪਣੀ ਤੋਂ ਹੀ ਸੁਰਖਰੂ

ਖਾਕ ਸੀ ਪੁਸ਼ਪ ਸੀ ਨੀਰ ਸੀ ਅਗਨ ਸੀ
ਬਾਝ ਪਹਿਰਾਵਿਆਂ ਵੀ ਕਦੋਂ ਨਗਨ ਸੀ
ਬੱਸ ਇਹ ਬੰਦੇ ਨੇ ਪੱਤੇ ਜਦੋਂ ਪਹਿਨ ਲਏ
ਹੋ ਗਈ ਨਗਨਤਾ ਦੀ ਕਹਾਣੀ ਸ਼ੁਰੂ

ਕਿੰਨੇ ਚਸ਼ਮੇ ਤੇ ਕਿੰਨੇ ਹੀ ਜੁਆਲਾਮੁੱਖੀ
ਕਿੰਨੀ ਕੋਮਲ ਅਤੇ ਕਿੰਨੀ ਖੂੰਖਾਰ ਵੀ
ਤੇਰੀ ਕੁਦਰਤ ਹੈ ਫੁੱਲ ਤੇ ਪਈ ਤਰੇਲ ਵੀ
ਤੇਰੀ ਕੁਦਰਤ ਹੀ ਹੈ ਹਿਰਨੀਆਂ ਦਾ ਲਹੂ

ਏਨੀ ਬੰਦਿਸ਼ ਚੋਂ ਬੰਦੇ ਨੇ ਕੀ ਲੱਭਿਆ
ਕੋਈ ਜੁਆਲਾਮੁੱਖੀ ਦਿਲ ਚ ਹੈ ਦੱਬਿਆ
ਏਸ ਅਗਨੀ ਨੂੰ ਸੀਨੇ ਚ ਹੀ ਰਹਿਣ ਦੇ
ਤਾ ਹੀ ਚੁੱਲਾ ਬਲੂ ਤਾਂ ਹੀ ਦੀਵਾ ਜਗੂ

ਮੈਂ ਨਹੀਂ ਮੰਨਦਾ ਸਾਂ ਨਹੀਂ ਜਾਣਦਾ
ਕਿ ਜਦੋਂ ਮੈਨੂੰ ਚੀਰੋਗੇ ਆਰੇ ਦੇ ਸੰਗ
ਇਕ ਅਸਹਿ ਚੀਸ ਹੋ ਇਕ ਅਕਹਿ ਦਰਦ ਬਣ
ਮੇਰੇ ਅੰਦਰੋਂ ਵੀ ਨਿਕਲੇਗਾ ਵਾਹੇਗੁਰੂ

ਮੈਂ ਹੀ ਮੈਂ ਜਦ ਕਿਹਾ ਤਾਂ ਖਮੋਸ਼ੀ ਤਣੀ
ਰੁੱਖ ਲੱਗੇ ਧੁਖਣ, ਪੌਣ ਧੂੰਆਂ ਬਣੀ
ਜਦ ਮੈਂ ਆਪਾਂ ਕਿਹਾ, ਪੱਤੇ ਬਣ ਗਏ ਸੁਰਾਂ
ਹੋਈ ਜੰਗਲ ਦੇ ਵਿਚ ਕੂਹੂਕੂ-ਕੂਹੂਕੂ....

ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ

ਮੈਂ ਸੁਣਾਂ ਜੇ ਰਾਤ ਖਾਮੋਸ਼ ਨੂੰ
ਮੇਰੇ ਦਿਲ 'ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਜ ਦਰਖਤ ਹੋਣ ਹਰੇ ਭਰੇ

ਏਥੋਂ ਕੁਲ ਪਰਿੰਦੇ ਹੀ ਉੜ ਗਏ
ਏਥੇ ਮੇਘ ਆਉਂਦੇ ਵੀ ਮੁੜ ਗਏ
ਏਥੇ ਕਰਨ ਅੱਜ ਕਲ ਬਿਰਖ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ

ਨ ਤਾਂ ਕੁਰਸੀਆਂ ਨੂੰ ਨ ਤਖਤ ਨੂੰ
ਨ ਸਲੀਬ ਸਖਤ ਕੁਰਖਤ ਨੂੰ
ਇਹ ਮਜ਼ਾਕ ਕਰਨ ਦਰਖਤ ਨੂੰ
ਬੜੇ ਸਮਝਦਾਰ ਨੇ ਮਸਖਰੇ

ਹੁਣ ਚੀਰ ਹੁੰਦਿਆਂ ਵੀ ਚੁਪ ਰਵੇ
ਹੁਣ ਆਰਿਆਂ ਨੂੰ ਵੀ ਛਾਂ ਦਵੇ
ਇਹ ਜੁ ਆਖਦਾ ਸੀ ਮੈਂ ਬਿਰਖ ਹਾਂ
ਹੁਣ ਵਕਤ ਆਇਆ ਹੈ ਸਿੱਧ ਕਰੇ

ਮੈਂ ਚਲਾ ਕੇ ਤੀਰ ਕਮਾਨ 'ਚੋਂ
ਰੱਤ ਸਿੰਮਦੀ ਸੋਚਾਂ ਨਿਸ਼ਾਨ 'ਚੋਂ
ਤਾਂ ਦੁਆ ਇਹ ਨਿਕਲੇ ਜ਼ਬਾਨ 'ਚੋਂ
ਮੇਰਾ ਤੀਰ ਡਿੱਗ ਪਏ ਉਰੇ ਪਰੇ

ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
ਗੱਡੀ ਲੰਘੀ ਰਾਤ ਅਖੀਰ ਦੀ
ਟੁੱਟੀ ਨੀਂਦ ਬਿਰਖ ਫਕੀਰ ਦੀ
ਪੀਲੇ ਪੱਤੇ ਮੁਸਾਫਰ ਉੱਤਰੇ

ਕੋਈ ਲਫਜ਼ ਲਫਾਜ਼ਾਂ ਦੇ ਸਾਕ ਵਿਚ
ਨ ਘੁਟਨ ਸਹੇ ਕਿਸੇ ਵਾਕ ਵਿਚ
ਤਦੇ ਝਿਜਕਦਂ ਕੁੱਝ ਆਖਦਾ
ਕੁੱਝ ਲਿੱਖਦਿਆਂ ਮੇਰਾ ਮਨ ਡਰੇ

ਉਹ ਬਣਾ ਰਹੇ ਨੇ ਇਮਾਰਤਾਂ
ਅਸੀਂ ਲਿੱਖ ਰਹੇ ਹਾਂ ਇਬਾਰਤਾਂ
ਤਾਂ ਜੁ ਪੱਥਰਾਂ ਦੇ ਵਜੂਦ ਵਿਚ
ਕੋਈ ਆਤਮਾ ਵੀ ਰਿਹਾ ਕਰੇ

ਕੋਈ ਸਾਕ ਕਦ ਹੈ ਹਮੇਸ਼ ਤਕ
ਇਕ ਤਾਪਮਾਨ ਵਿਸ਼ੇਸ਼ ਤਕ
ਜੁੜੇ ਰਹਿਣ ਤੱਤਾਂ ਦੇ ਨਾਲ ਤੱਤ
ਫਿਰ ਟੁੱਟ ਕੇ ਹੋ ਜਾਵਣ ਪਰੇ

ਉਹ ਸੀ ਯੋਧਾ ਕਾਹਦਾ ਫਕੀਰ ਸੀ
ਉਹਦੇ ਲਫਜ਼ ਹੀ ਉਹਦੇ ਤੀਰ ਸੀ
ਤੇ ਉਹ ਲਫਜ਼ ਕੱਢੇ ਜ਼ਬਾਨ 'ਚੋਂ
ਪਹਿਲਾਂ ਆਪਣੀ ਰੱਤ 'ਚ ਹੀ ਨਮ ਕਰੇ

ਕੁੱਝ ਲੋਕ ਆਏ ਸੀ ਬੇਸੁਰੇ
ਮੇਰੀ ਤੋੜ ਬਿਰਤੀ ਚਲੇ ਗਏ
ਹੁਣ ਮੁੜ ਕੇ ਰਾਗ ਪਿਰੋ ਰਿਹਾਂ
ਤੇ ਮੈਂ ਚੁਗ ਰਿਹਾਂ ਸੁਰ ਬਿੱਖਰੇ

ਇਕ ਵਾਕ ਸੁਣ ਕੇ ਸਿਹਰ ਗਏ
ਚੰਨ ਗੁੰਮਿਆਂ ਤਾਰੇ ਬਿਖਰ ਗਏ
ਮੇਰੇ ਮਨ ਦੇ ਨੀਰ ਗੰਧਲ ਗਏ
ਬੜੀ ਦੇਰ ਤੀਕ ਨ ਨਿੱਤਰੇ

ਚੱਲ ਸੂਰਜਾ, ਚੱਲ ਧਰਤੀਏ
ਮੁੜ ਸੁੰਨ ਸਮਾਧੀ 'ਚ ਪਰਤੀਏ
ਕੱਲ ਰਾਤ ਹੋਏ ਨੇ ਰਾਤ ਭਰ
ਏਹੀ ਤਾਰਿਆਂ ਵਿਚ ਤਜ਼ਕਰੇ..........

ਮੈਂ ਬਣਾਵਾਂਗਾ ਹਜ਼ਾਰਾ ਵੰਝਲੀਆਂ

ਮੈਂ ਬਣਾਵਾਂਗਾ ਹਜ਼ਾਰਾ ਵੰਝਲੀਆਂ ਮੈਂ ਸੋਚਿਆ ਸੀ
ਦੇਖਿਆ ਤਾਂ ਦੂਰ ਤਕ ਬਾਂਸਾਂ ਦਾ ਜੰਗਲ ਜਲ ਰਿਹਾ ਸੀ

ਆਦਮੀ ਦੀ ਪਿਆਸ ਕੈਸੀ ਸੀ ਕਿ ਸਾਗਰ ਕੰਬਦੇ ਸੀ
ਆਦਮੀ ਦੀ ਭੁੱਖ ਕਿੰਨੀ ਸੀ ਕਿ ਜੰਗਲ ਡਰ ਗਿਆ ਸੀ

ਲੋਕ ਕਿੱਥੇ ਜਾ ਰਹੇ ਸਨ ਲੋਕਤਾ ਨੂੰ ਮਿੱਧ ਕੇ
ਮਸਲ ਕੇ ਇਨਸਾਨੀਅਤ ਇਨਸਾਨ ਕਿੱਧਰ ਜਾ ਰਿਹਾ ਸੀ

ਕਿਸ ਤਰਾਂ ਦੀ ਦੌੜ ਸੀ, ਪੈਰਾਂ 'ਚ ਅੱਖਰ ਰੁਲ ਰਹੇ ਸਨ
ਓਹੀ ਅੱਖਰ ਜਿਹਨਾਂ ਅੰਦਰ ਮੰਜ਼ਿਲਾਂ ਦਾ ਥਹੁ ਪਤਾ ਸੀ

ਅਗਨ ਜਦ ਉੱਠੀ ਮੇਰੇ ਤਨ ਮਨ ਤਾਂ ਮੈਂ ਵੀ ਦੌੜੀਆ
ਪਰ ਤੇਰਾ ਹੰਝੂ ਮੇਰੇ ਰਾਹਾਂ 'ਚ ਦਰਿਆ ਬਣ ਗਿਆ ਸੀ

ਸੁੱਕ ਗਿਆ ਹਰ ਬਿਰਖ ਉਸ ਨੂੰ ਤਰਸਦਾ ਜਿਹੜੀ ਘੜੀ
ਕੁਆਰੀਆਂ ਕਣੀਆਂ ਨੇ ਲੈਰੇ ਪੱਤਿਆਂ 'ਤੇ ਬਰਸਣਾ ਸੀ

ਮੁੜ ਤਾਂ ਆਈਆਂ ਮੱਛਲੀਆਂ ਆਖਰ ਨੂੰ ਪੱਥਰ ਚੱਟ ਕੇ
ਪਰ ਉਨਾਂ ਦੇ ਮੁੜਨ ਤਕ ਪਾਣੀ ਵੀ ਪੱਥਰ ਹੋ ਗਿਆ ਸੀ
ਕਿੱਧਰ ਗਿਆ

ਹੁੰਦਾ ਸੀ ਏਥੇ ਸ਼ਖਸ ਇਕ ਸੱਚਾ ਕਿੱਧਰ ਗਿਆ
ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ ਕਿੱਧਰ ਗਿਆ

ਜਾਂਦਾ ਸੀ ਮੇਰੇ ਪਿੰਡ ਨੂੰ ਰਸਤਾ ਕਿੱਧਰ ਗਿਆ
ਪੈੜਾਂ ਦੀ ਸ਼ਾਇਰੀ ਦਾ ਉਹ ਵਰਕਾ ਕਿੱਧਰ ਗਿਆ

ਜਦ ਦੋ ਦਿਲਾਂ ਨੂੰ ਜੋੜਦੀ ਇਕ ਤਾਰ ਟੁੱਟ ਗਈ
ਸਾਜ਼ਿੰਦੇ ਪੁੱਛਦੇ ਸ਼ਾਜ ਨੂੰ, ਨਗਮਾ ਕਿੱਧਰ ਗਿਆ

ਪਲਕਾਂ ਵੀ ਖੂਬ ਲੰਮੀਆਂ, ਕਜਲਾ ਵੀ ਖੂਬ ਪਰ
ਉਹ ਤੇਰੇ ਸੁਹਣੇ ਨੈਣਾਂ ਦਾ ਸੁਪਨਾ ਕਿੱਧਰ ਗਿਆ

ਸਭ ਨੀਰ ਗੰਧਲ, ਸ਼ੀਸ਼ੇ ਧੁੰਧਲੇ ਹੋਏ ਇਸ ਤਰਾਂ
ਹਰ ਸ਼ਖਸ ਪੁੱਛਦਾ ਏ, ਮੇਰਾ ਚਿਹਰਾ ਕਿੱਧਰ ਗਿਆ

ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ
ਰੱਬ ਢੂੰਡਦਾ ਫਿਰਦਾ ਮੇਰਾ ਬੰਦਾ ਕਿੱਧਰ ਗਿਆ

ਧੁਖਦੀ ਜ਼ਮੀਨੋਂ ਉੱਠ ਕੇ ਅਰਸ਼ਾਂ 'ਤੇ ਪਹੁੰਚ ਕੇ
ਧੂੰਆਂ ਖਿਲਾਅ ਨੂੰ ਪੁੱਛਦਾ; ਅੱਲਾ ਕਿੱਧਰ ਗਿਆ

ਸੱਚੇ ਨੂੰ ਸੱਚਾ ਝੂਠੇ ਨੂੰ ਝੂਠਾ ਉ ਹ ਕਹਿ ਸਕਣ
ਹਾਏ ਉਹ ਜਿਗਰੀ ਯਾਰਾਂ ਦਾ ਜਿਗਰਾ ਕਿੱਧਰ ਗਿਆ

ਬਣਿਆ ਖਬਰ ਅਖਬਾਰ ਦੀ, ਰੱਦੀ 'ਚ ਵਿਕ ਗਿਆ
ਟੁੱਕੜਾ ਜਿਗਰ ਦਾ, ਨੈਣਾਂ ਦਾ ਤਾਰਾ ਕਿੱਧਰ ਗਿਆ

ਹਰ ਵਾਰ ਛੱਬੀ ਜਨਵਰੀ ਮਾਯੂਸ ਪਰਤਦੀ
ਲੱਭਦੀ ਹੈ ਰੁੱਖ ਜੋ ਰੱਤ ਦਾ ਸੀ ਸਿੰਜਿਆ ਕਿੱਧਰ ਗਿਆ

ਕਿੱਥੇ ਗਏ ਉਹ ਯਾਰ ਮੇਰੇ, ਮੇਰਾ ਆਸਰਾ
ਉਹ ਧਰਮਾ, ਕਰਮਾ, ਸੁੱਚਾ ਤੇਰ ਪਿਆਰਾ ਕਿੱਧਰ ਗਿਆ

ਚੁੱਪ ਹੋ ਗਏ ਇਕ ਛਣਕਦੀ ਝਾਂਜਰ ਦੇ ਬੋਰ ਜਦ
ਮੇਲੇ 'ਚ ਸ਼ੋਰ ਮਚ ਗਿਆ ਮੇਲਾ ਕਿੱਧਰ ਗਿਆ

ਹੱਸਦਾ ਹੈ ਉਸ ਤੇ ਪੋਚ ਨਵਾਂ, ਪੁੱਛਦਾ ਇਕ ਬਜ਼ੁਰਗ
ਜਾਂਦਾ ਸੀ ਦਿਲ ਤੋਂ ਦਿਲ ਨੂੰ ਜੋ ਰੱਸਤਾ ਕਿੱਧਰ ਗਿਆ

ਸ਼ਾਇਰ ਤੇਰੇ ਕਲਾਮ ਵਿਚ ਹੁਣ ਪੁਖਤਗੀ ਤਾਂ ਹੈ
ਸਤਰਾਂ 'ਚੋਂ ਪਰ ਉਹ ਥਿਰਕਦਾ ਪਾਰਾ ਕਿੱਧਰ ਗਿਆ

"ਪਾਤਰ" ਨੂੰ ਜਾਣ ਜਾਣ ਕੇ ਪੁੱਛਦੀ ਹੈ ਅੱਜ ਹਵਾ
ਰੇਤੇ ਤੇ ਤੇਰਾ ਨਾਮ ਸੀ ਲਿੱਖਿਆ ਕਿੱਧਰ ਗਿਆ........

ਮਿਆਨੋਂ ਤੇਗ ਨਾ ਤਰਕਸ਼ 'ਚੋਂ ਕੋਈ ਤੀਰ ਖਿੱਚਾਂਗਾ

ਮਿਆਨੋਂ ਤੇਗ ਨਾ ਤਰਕਸ਼ 'ਚੋਂ ਕੋਈ ਤੀਰ ਖਿੱਚਾਂਗਾ
ਮੈਂ ਇਸ ਰਮਣੀਕ ਜੰਗਲ ਦੀ ਸਿਰਫ ਤਸਵੀਰ ਖਿੱਚਾਂਗਾ

ਜੁ ਪਾਣੀ ਵਾਂਗ ਘੁਲਿਆ ਏ ਜੁ ਬਾਣੀ ਵਾਂਗ ਰਮਿਆ ਏ
ਕਿਵੇਂ ਆਪਣੇ ਤੇ ਉਸਦੇ ਦਰਮਿਆਨ ਲਕੀਰ ਖਿੱਚਾਂਗਾ

ਮੈਂ ਪਹਿਲਾਂ ਤਾਂ ਜਹਾਂਗਿਰੀ ਅਦਲ ਜ਼ੰਜ਼ੀਰ ਖਿੱਚਾਂਗਾ
ਤੇ ਆਖਰ ਤੰਗ ਆ ਕੇ ਮਿਆਨ 'ਚੋਂ ਵੀ ਖੁੱਭਿਆ ਤੀਰ ਖਿੱਚਾਂਗਾ

ਨਹੀਂ ਮੈਂ ਜੰਗ ਦਾ ਨਾਇਕ ਨਹੀਂ, ਪਾਤਰ ਹਾਂ ਐ ਧਰਤੀ
ਹਾਂ ਜ਼ਖਮੀ ਪਰ ਤੇਰੀ ਹਿੱਕ 'ਚੋਂ ਵੀ ਖੁੱਭਿਆ ਤੀਰ ਖਿੱਚਾਂਗਾ

ਜ਼ਮੀਨੋਂ ਫੁੱਟ ਪਊ ਚਸ਼ਮਾ ਜੇ ਖੁੱਭਿਆ ਤੀਰ ਖਿੱਚਾਂਗਾ
ਗੁਰੂ ਦੇ ਨਾਂ 'ਤੇ ਮੈਂ ਵੀ ਇਕ ਵਲੀ ਦਾ ਨੀਰ ਖਿੱਚਾਂਗਾ.........

ਇਸ ਨਦੀ ਨੂੰ

ਤੂੰ ਲਹਿਰ ਹੋ ਕੇ ਮਿਲ ਲੈ ਇਕ ਵਾਰ ਇਸ ਨਦੀ ਨੂੰ
ਕਿਉਂ ਵਾਰ ਵਾਰ ਕਰਦਾ ਏਂ ਪਾਰ ਇਸ ਨਦੀ ਨੂੰ

ਹਰ ਵਾਰ ਹੋਰ ਲਹਿਰਾਂ ਹਰ ਵਾਰ ਹੋਰ ਪਾਣੀ
ਕਰ ਕੇ ਵੀ ਕਰ ਨ ਸਕਿਆ ਮੈਂ ਪਾਰ ਇਸ ਨਦੀ ਨੂੰ

ਹਰ ਵਾਰ ਸੱਜਰਾ ਪਾਣੀ ਹਰ ਵਾਰ ਸੁੱਚੀਆਂ ਲਹਿਰਾਂ
ਮੈਂ ਪਹਿਲੀ ਵਾਰ ਮਿਲਦਾਂ ਹਰ ਵਾਰ ਇਸ ਨਦੀ ਨੂੰ

ਖੁਰਦੇ ਨੇ ਖੁਦ ਕਿਨਾਰੇ ਪਰ ਸੋਚਦੇ ਵਿਚਾਰੇ,
ਅਸੀਂ ਬੰਨ ਕੇ ਰੱਖਣਾ ਹੈ ਵਿਚਕਾਰ ਇਸ ਨਦੀ ਨੂੰ

ਇਹ ਪਰਬਤਾਂ ਦੀ ਜਾਈ ਕੀ ਜਾਣਦੀ ਏ ਚੋਟਾਂ,
ਐਵੇਂ ਨਾ ਚੁੱਕ ਕੇ ਪੱਥਰ ਤੂੰ ਮਾਰ ਇਸ ਨਦੀ ਨੂੰ

'ਵੁਹ ਦੇਸ਼ ਹੈ ਬੇਗਾਨਾ, ਉਸ ਮੇਂ ਕਭੀ ਨਾ ਜਾਨਾ'
ਸਮਝਾ ਰਹੀ ਹੈ ਹੱਦਾਂ ਸਰਕਾਰ ਇਸ ਨਦੀ ਨੂੰ

ਕਿਸੇ ਹੋਰ ਨਾਮ ਹੇਠਾਂ ਕਿਸੇ ਹੋਰ ਰੂਪ ਅੰਦਰ
ਪਹਿਲਾਂ ਵੀ ਹਾਂ ਮੈਂ ਮਿਲਿਆ ਇਕ ਵਾਰ ਇਸ ਨਦੀ ਨੂੰ

ਚੀੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ 'ਤੇ

ਚੀੜੀਆਂ ਸੀ ਕੁਝ ਬੈਠੀਆਂ ਟੈਲੀਫੋਨ ਦੀ ਤਾਰ 'ਤੇ
ਚੁੰਝ- ਚਰਚਾ ਸੀ ਚੱਲ ਰਹੀ ਬਦਲ ਰਹੇ ਸੰਸਾਰ 'ਤੇ

ਇਕ ਉਡਾਰੀ ਬਾਅਦ ਜਦ ਚਿੜੀਆਂ ਮੁੜ ਕੇ ਪਰਤੀਆਂ
ਗਾਇਬ ਕਿਧਰੇ ਹੋ ਗਈ, ਬੈਠੀਆਂ ਸੀ ਜਿਸ ਤਾਰ 'ਤੇ

ਆਪਣੇ ਪਿੰਡ ਦੀ ਧਰਤ ਨੂੰ ਮੱਥਾ ਟੇਕਣ ਵਾਸਤੇ
ਕੱਲ ਉਹ ਆਏ ਸ਼ਹਿਰ ਤੋਂ, ਧੂੜ ਉਡਾਉਂਦੀ ਕਾਰ 'ਤੇ

ਰੁੱਖ ਖੜੋਤੇ ਦੇਖਦੇ, ਫੁੱਲ ਖਿੜ ਖਿੜ ਕੇ ਹੱਸਦੇ
ਕੋਲੋਂ ਲੰਘਦੇ ਹੌਂਕਦੇ ਬੰਦਿਆਂ ਦੀ ਰਫਤਾਰ 'ਤੇ

ਬੰਦੇ ਕਿੱਧਰ ਜਾ ਰਹੇ ? ਫੁੱਲ ਪੁੱਛਦੇ, ਰੁੱਖ ਆਖਦੇ
ਖੁਸ਼ ਹੋਵਣ ਜਾ ਰਹੇ, ਹਰ ਇਕ ਕਾਰ ਸਵਾਰ 'ਤੇ

ਸੁੱਕੇ ਪੱਤਿਆਂ ਵਾਂਗਰਾਂ ਕਿਧਰ ਉਡਦੇ ਜਾ ਰਹੇ
ਕੈਸਾ ਝੱਖੜ ਝੁੱਲਿਆ ਬੰਦਿਆਂ ਦੇ ਸੰਸਾਰ 'ਤੇ.....

ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ
ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ
ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ
ਸੀਨੇ ਦੇ ਨਾਲ ਲਾ ਕੇ, ਧੜਕਣ ਦੇ ਵਿਚ ਰਲਾ ਕੇ
ਕਵਿਤਾ ਦੇ ਨਾਲ ਕਵੀਓ, ਇਕ ਜਾਨ ਹੋ ਕੇ ਜਿਉਣਾ

ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ
ਛੁੱਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ
ਜੀਵਨ ਦੇ ਪਲ ਨ ਡਰਨਾ, ਸਾਡੀ ਤਰਾਂ ਨ ਕਰਨਾ
ਘੁਟ ਘੁਟ ਨ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ

ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ

ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ

ਇਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ
ਸਾਰੇ ਉੱਜੜ ਗਏ ਹਾ ਬੱਸ ਇਹੀ ਹੌਂਸਲਾ ਹੈ
ਕਿਆ ਬਾਤ ਹੈ ਇਹ ਵੱਸਣਾ ਇਸ ਉੱਜੜਿਆਂ ਦੀ ਬਸਤੀ
ਕਿਆ ਬਾਤ ਹੈ ਇਹ ਏਨੇ ਬੇਜਾਨ ਹੋ ਕੇ ਜਿਉਣਾ

ਇਸ ਕਹਿਰ ਪਹਿਰ ਅੰਦਰ ਅਵੱਲ ਲੁਕੇ ਹੀ ਰਹਿਣਾ
ਦਰਵਾਜ਼ਿਆਂ ਦੇ ਪਿੱਛੇ ਯਾਰੋਂ ਰੁਕੇ ਹੀ ਰਹਿਣਾ
ਆਉਣਾ ਪਿਆ ਜੇ ਬਾਹਰ ਤਾਂ ਤੀਰ ਹੋ ਕੇ ਆਉਣਾ
ਜਿਉਣਾ ਪਿਆ ਨਗਨ ਤਾਂ ਕਿਰਪਾਨ ਹੋ ਕੇ ਜਿਉਣਾ

ਇਹ ਸ਼ਹਿਰ ਸ਼ਹਿਰ ਉਹ ਹੈ ਇਹ ਪਹਿਰ ਪਹਿਰ ਉਹ ਹੈ
ਪੱਥਰ ਦੇ ਬੁੱਤ ਨੇ ਸਾਰੇ ਛਵੀਆਂ ਦੀ ਰੁੱਤ ਨੇ ਸਾਰੇ
ਪੈਸੇ ਦੇ ਪੁੱਤ ਨੇ ਸਾਰੇ ਏਥੇ ਬੋਲ ਕਹਿਣਾ ਸੱਚ ਦਾ
ਹੈ ਇਉਂ ਜਿਵੇਂ ਕਿ ਕੱਚ ਦਾ ਸਾਮਾਨ ਹੋ ਕੇ ਜਿਉਣਾ

ਕੀ ਮੋੜ ਮੁੜ ਗਏ ਹਾਂ ਗੈਰਾਂ ਨਾ ਜੁੜ ਗਏ ਹਾਂ
ਜਿਹਦੇ ਗਲ ਸੀ ਹਾਰ ਹੋਣਾ ਉਹਦੀ ਹਿਕ 'ਚ ਪੁੜ ਗਏ ਹਾਂ
ਕੀ ਜਿਉਣ ਹੈ ਇਹ ਏਦਾਂ ਵੀਰਾਨ ਹੋ ਕੇ ਜਿਉਣਾ
ਆਪਣੀ ਨਜ਼ਰ 'ਚ ਆਪਣਾ ਅਪਮਾਨ ਹੋ ਕੇ ਜਿਉਣਾ.......

ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ

ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
ਚਾਨਣੀ ਵਿਚ ਹੋਰ ਰਸਤੇ ਚਮਕਦੇ
ਹੋਰ ਮੰਜ਼ਿਲ ਦੱਸਦਾ ਘਰ ਦਾ ਚਿਰਾਗ
ਸਿਵਿਆਂ ਲੋਏ ਹੋਰ ਪਗ-ਚਿੰਨ ਸੁਲਗਦੇ

ਇਹ ਸਿਵਾ, ਇਹ ਚੰਨ, ਸੂਰਜ, ਇਹ ਚਿਰਾਗ
ਵੱਖੋ ਵੱਕਰੇ ਰਸਤਿਆਂ ਵੱਲ ਖਿੱਚਦੇ
ਮੈਂ ਚੁਰਾਹੇ 'ਤੇ ਖੜਾ ਹਾਂ ਸੋਚਦਾ
ਕਿੰਨੇ ਟੋਟੇ ਕਰ ਦਿਆਂ ਇਕ ਹੋਂਦ ਦੇ

ਐ ਮਨਾ ਤੂੰ ਬੇਸੁਰਾ ਏਂ ਸਾਜ਼ ਕਿਉਂ
ਏਨੀ ਗੰਧਲੀ ਹੈ ਤੇਰੀ ਆਵਾਜ਼ ਕਿਉਂ
ਸੁਰ ਨਹੀਂ ਹੁੰਦਾ ਤੂੰ ਕਿਉਂ ਕੀ ਗੱਲ ਹੈ
ਇਲਮ ਦੇ ਮਸਲੇ ਨੇ ਜਾ ਇਖਲਾਕ ਦੇ

ਮਨ ਹੈ ਇਕ ਪੁਸਤਕ ਜਿਵੇਂ ਲਿਖ ਹੋ ਰਹੀ
ਜਿਸ ਦਾ ਕੋਈ ਆਦ ਹੈ ਨਾ ਅੰਤ ਹੈ
ਇਕ ਇਬਾਰਤ ਹੈ ਜੋ ਅੰਦਰ ਤੜਪਦੀ
ਵਾਕ ਨੇ ਇਕ ਦੂਸਰੇ ਨੂੰ ਕੱਟਦੇ............

ਨਿੱਤ ਸੂਰਜਾਂ ਨੇ ਚੜਨਾ, ਨਿੱਤ ਸੂਰਜਾਂ ਨੇ ਲਹਿਣਾ

ਨਿੱਤ ਸੂਰਜਾਂ ਨੇ ਚੜਨਾ, ਨਿੱਤ ਸੂਰਜਾਂ ਨੇ ਲਹਿਣਾ
ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ
ਇਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ
ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ

ਰੁਕਣੀ ਨਹੀਂ ਕਹਾਣੀ, ਬੱਝੇ ਨ ਰਹਿਣੇ ਪਾਣੀ
ਰੂਹੋਂ ਬਗੈਰ ਸੱਖਣੇ, ਬੁਤ ਨਾ ਬਣਾ ਕੇ ਰੱਖਣੇ
ਪਾਣੀ ਨੇ ਰੋਜ਼ ਤੁਰਨਾ, ਕੰਢੀਆਂ ਨੇ ਰੋਜ਼ ਖੁਰਨਾ
ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ

ਚੰਨ ਤਾਰਿਆਂ ਦੀ ਲੋਏ, ਇਕਰਾਰ ਜਿਹੜੇ ਹੋਏ
ਤਾਰੇ ਉਨਾਂ ਤੇ ਹੱਸੇ ਦੀਵੇ ਉਨਾਂ 'ਤੇ ਰੋਏ
ਟੁੱਟਦੇ ਕਰਾਰ ਦੇਖੇ, ਅਸਾਂ ਬੇਸ਼ੁਮਾਰ ਦੇਖੇ
ਲਫਜਾਂ ਦਾ ਬਣਿਆ ਦੇਖੀਂ ਕੱਲ ਇਹ ਮਹਿਲ ਵੀ ਢਹਿਣਾ

ਇਨਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ
ਇਨਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਕਹਿ ਦੇ
ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ

ਸੁਣ ਹੇ ਝਨਾਂ ਦੇ ਪਾਣੀ, ਤੁੰ ਡੁੱਬ ਗਏ ਨ ਜਾਣੀਂ
ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ
ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ
ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ......

ਹਨੇਰੀ ਵੀ ਜਗਾ ਸਕਦੀ ਹੈ ਦੀਵੇ

ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਜੇ ਸਾਰੇ ਹੋਰ ਦੀਵੇ ਬੁਝ ਨ ਜਾਂਦੇ
ਤਾਂ ਦੀਵਾ ਦਿਲ ਦਾ ਇਉਂ ਜਗਣਾ ਨਹੀਂ ਸੀ

ਜੇ ਮੇਰੇ ਸਿਰ 'ਤੇ ਇਉਂ ਸੂਰਜ ਨਾ ਤਪਦਾ
ਮੈਂ ਝੂਠੀ ਸ਼ਾਨ ਵਿਚ ਰਹਿੰਦਾ ਚਮਕਦਾ
ਕਿਸੇ ਚੋਟੀ ਤੇ ਠਹਿਰੀ ਬਰਫ ਹੁੰਦਾ
ਮੈਂ ਬਣ ਕੇ ਨੀਰ ਇਉਂ ਵਗਣਾ ਨਹੀਂ ਸੀ

ਹਵਾ ਮੇਰੇ ਮੁਖਾਲਿਫ ਜੇ ਨ ਵਗਦੀ
ਜੇ ਮੇਰੇ ਘਰ ਨੂੰ ਵੀ ਅਗਨੀ ਨ ਲਗਦੀ
ਕਿਹੀ ਫਿਤਰਤ ਤਮਾਸ਼ਾਈ ਹੈ ਜੱਗ ਦੀ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ

ਅਜਬ ਸੀਨੇ 'ਚ ਅੱਜ ਵੀਰਾਨਗੀ ਹੈ
ਜੋ ਸੀਨੇ ਨਾਲ ਲੱਗੀ ਸਾਨਗੀ ਹੈ
ਜੇ ਇਸ ਦੇ ਦਿਲ 'ਚ ਸੁੰਨਾਪਨ ਨ ਹੁੰਦਾ
ਤਾਂ ਇਸ ਤੋਂ ਮੇਰਾ ਸੁਰ ਲੱਗਣਾ ਨਹੀਂ ਸੀ

ਜੇ ਮੁੱਕਦੀ ਚਾਰ ਦਿਨ ਦੀ ਚਾਨਣੀ ਨਾ
ਕਲੇਜਾ ਇੰਜ ਹੁੰਦਾ ਛਾਨਣੀ ਨਾ
ਤਾਂ ਮੈਂਨੂੰ ਚਾਨਣਾ ਹੋਣਾ ਨਹੀਂ ਸੀ
ਕਦੇ ਸੱਚ ਦਾ ਪਤਾ ਲੱਗਣਾ ਨਹੀਂ ਸੀ..........

ਇਹ ਕਵਿਤਾ ਪਾਸ਼ ਨੇ ਪਾਤਰ ਤੇ ਲਿਖੀ ਸੀ



ਰੇਤ ਦੇ ਟਿਬਿੱਆ ਵਿੱਚ
ਸਾਡਾ ਜਨਮ ਦੋਹਾ ਦਾ
ਹੋਇਆ ਸੀ
ਸਾਨੂੰ ਦੇਖ ਮਾ ਦਾ ਚੇਹਰਾ
ਹੱਸਿਆ ਫੇਰ ਰੋਇਆ ਸੀ
ਹੱਸਿਆ ਇਸ ਲਈ
ਜੱਗ ਵਿੱਚ ਰਹਿਜੂ
ਚਲਦਾ ਵੰਸ਼ ਸਾਡਾ ਇਹ
ਰੋਇਆ ਇਸ ਲਈ
ਕਿੰਜ ਕੱਟਣਗੇ
ਜੀਵਨ ਪੰਧ ਦੁਰਾਡਾ ਇਹ
ਨਾ ਤਾ ਉਸ ਦਿਨ ਸਾਡੇ ਚਾਚੇ
ਪੈਰ ਵਤਨ ਵਿਚ
ਪਾਇਆ ਸੀ
ਨਾ ਹੀ ਸਾਡਾ ਬਾਪੂ
ਜੇਲੋ ਛੁੱਟ ਕੇ ਆਇਆ ਸੀ
ਉਸ ਨੂੰ ਰਹੀ ਉਡੀਕ ਖਤਾ ਦੀ
ਮੈਨੂੰ ਰਹੀ ਜਵਾਬਾ ਦੀ
ਉਸ ਚਿੜੀਆ ਦੇ ਜਖਮ ਪੋਲਸੇ
ਮੈ ਰਿਹਾ
ਟੋਹ ਵਿੱਚ ਬਾਜਾ ਦੀ
ਮੈ ਗਾਲਾ ਦੀ ਡਿਗਰੀ ਕੀਤੀ
ਤੇ ਉਸਦੀ ਕੀਤੀ ਰਾਗਾ ਦੀ
ਉਹ ਰਾਗਾ ਦੇ ਨਾਲ ਹੈ ਸੋਦਾ
ਮੈਨੂੰ ਲੋੜ ਨਾ ਸਾਜਾ ਦੀ
ਮੇਰੀ ਹਿਕੜੀ ਵਿਚ
ਪੱਥਰ ਉੱਗਦੇ
ਉਸਦੀ ਹਿਕੜੀ ਬਾਗਾ ਦੀ
ਉਹ ਫੁੱਲਾ ਦੀ
ਛਾਵੇ ਬਹਿੰਦਾ
ਤੇ ਮੈ ਫਨੀਅਰ ਨਾਗਾ ਦੀ
ਚੱਲਦੇ ਚੱਲਦੇ
ਰਾਹਾ ਦੇ ਵਿਚ
ਆਇਆ ਇਕ ਪੜਾਅ
ਰੁਲਦੇ ਰੁਲਦੇ
ਰੁਲ ਗਏ ਯਾਰੋ
ਮੈ ਤੇ ਪਾਤਰ ਸਕੇ ਭਰਾ-------

ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨੇ ਮਿਲੇ

ਤੇਰੇ ਕਲਾਮ ਨੂੰ ਜਜ਼ਬੇ ਬਹੁਤ ਮਹੀਨੇ ਮਿਲੇ
ਦਿਖਾਈ ਦੇਣ, ਜੇ ਹੰਝੂ ਦੀ ਖੁਰਦਬੀਨ ਮਿਲੇ

ਸਦਾ ਭਟਕਦਾ ਰਿਹਾਂ ਮੈਂ ਗਜ਼ਲ ਦਾ ਖਾਨਾਬਦੋਸ਼
ਨਵਾਂ ਖਿਆਲ ਕੋਈ ਜਾਂ ਨਵੀਂ ਜ਼ਮੀਨ ਮਿਲੇ

ਹਰੇਕ ਲਫਜ਼ ਨੁੰ ਕੱਟਦੇ ਨੇ ਇਉਂ ਕਿ ਰੱਤ ਨਿਕਲੇ
ਤੇਰੇ ਕਲਾਮ ਨੂੰ ਕਿਆ ਖੂਬ ਨੁਕਤਾਚੀਨ ਮਿਲੇ

ਉਹ ਲਾਹ ਕੇ ਲੈ ਗਿਆ ਤਸਵੀਰ ਪਰ ਮੇਰੀ ਹਿੱਕ ਵਿਚ
ਉਹ ਮੇਖ ਭੁੱਲ ਗਿਆ ਆਖੀਂ ਜੇ ਉਹ ਮਕੀਨ ਮਿਲੇ

ਦੁਫਾੜ ਕਰ ਕੇ ਜ਼ਮੀਨਾਂ ਤੇ ਚੀਰ ਰੂਹੋਂ ਬਦਨ
ਸਿਊਣ ਵਾਸਤ ਵਿਧਵਾ ਨੂੰ ਇਕ ਮਸ਼ੀਨ ਮਿਲੇ

ਹਰੇਕ ਕੋਲ ਸੀ ਅਪਣਾ ਅਲੱਗ-ਅਲੱਗ ਪਾਣੀ
ਝਨਾਂ ਦੇ ਕੰਡੇ ਤੇ ਲਾਹੌਰ ਦੇ ਸ਼ੁਕੀਨ ਮਿਲੇ

ਮਿਠਾਸ ਝੂਠ ਦੀ ਪੀ ਪੀ ਨਾ ਟੁੱਟਣਾ ਸ਼ਹਿਰ ਦਾ ਤਾਪ
ਲਿਆ ਜੇ ਸੱਚ ਦੀ ਕੌੜੀ ਕਿਤੋਂ ਕੁਨੀਨ ਮਿਲੇ

ਸਿਵੇ ਚੋਂ ਲੈ ਗਏ ਪਹਿਚਾਣ ਕੇ ਉਹ ਸੀਨੇ ਦੀ ਲਾਟ
ਖੁਦਾ ਦਾ ਸ਼ੁਕਰ ਕਿ ਮੈਨੂੰ ਉਹ ਜਾਂਨਸ਼ੀਨ ਮਿਲੇ........

ਚਾਨਣ ਵੀ ਕੁਛ ਕਰਾਂ ਮੈਂ


ਚਾਨਣ ਵੀ ਕੁਛ ਕਰਾਂ ਮੈਂ, ਐਵੇਂ ਹੀ ਬਲ ਨ ਜਾਵਾਂ
ਅੰਬਰ ਨੂੰ ਛੂਹਣੋਂ ਪਹਿਲਾਂ ਮਿੱਟੀ 'ਚ ਰਲ ਨ ਜਾਵਾਂ

ਤਨ ਦੇ ਲਿਬਾਸ ਅੰਦਰ ਇਕ ਲਹਿਰ ਹਾਂ ਤੜਪਦੀ
ਦਰਿਆ ਦਿਸੇ ਤਾਂ ਕੰਬਾਂ ਕਿਤੇ ਇਸ 'ਚ ਰਲ ਨਾ ਜਾਵਾਂ

ਤੇਰੀ ਲਹਿਰ ਲਹਿਰ ਰੰਗ ਕੇ, ਮੈਂ ਤੇਰੇ 'ਚ ਅਸਤ ਹੋਣਾ
ਰਾਹ ਵਿਚ ਨ ਸ਼ਾਮ ਪੈ ਜਏ, ਕਿਤੇ ਦੂਰ ਢਲ ਨ ਜਾਵਾਂ

ਚਾਨਣ ਜਦੋਂ ਕਰੀਦਾ, ਤਾਂ ਸੇਕ ਵੀ ਜਰੀਦਾ
ਏਦਾਂ ਨਹੀਂ ਕਰੀਦਾ ਹਾਇ ਮੈਂ ਬਲ ਨ ਜਾਵਾਂ

ਅੱਜ ਕਲ ਉਹ ਵਾਕ ਬੁਣਦਾ, ਲਫਜ਼ਾਂ ਦੇ ਜਾਲ ਉਣਦਾ
ਕਿਤੇ ਨਜ਼ਮ ਹੋਣੋਂ ਪਹਿਲਾਂ ਦਿਲ 'ਚੋਂ ਨਿਕਲ ਨ ਜਾਵਾਂ..........

ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ

ਡੁੱਬਦਾ ਸੂਰਜ ਹਾਂ ਤੇ ਮੇਰਾ ਸਮੁੰਦਰ ਬੜੀ ਦੂਰ
ਮੈਨੂੰ ਇਹ ਅੰਤ ਨਹੀਂ ਆਪਣੀ ਕਥਾ ਦਾ ਮਨਜ਼ੂਰ

ਕੋਈ ਤਰਕੀਬ ਬਣਾ, ਤੋੜ ਦੇ ਕੋਈ ਦਸਤੂਰ
ਮਰਨ ਤੋਂ ਪਹਿਲਾਂ ਹਯਾਤੀ ਨੂੰ ਮੈਂ ਮਿਲਣਾ ਏਂ ਜ਼ਰੂਰ

ਉਹਦੇ ਅੰਦਰ ਸੀ ਖੁਦਾ ਕਹਿੰਦਾ ਸੀ ਜੋ ਮੈਂ ਹਾਂ ਖੁਦਾ
ਉਹ ਤਾਂ ਫੜਿਆ ਨਾ ਗਿਆ ਚਾੜਤਾ ਸੂਲੀ ਮਨਸੂਰ

ਮੇਰੇ ਰਾਹਾਂ 'ਚ ਵਿਛਾਏ ਸੀ ਤੁਸਾਂ ਥਲ ਤਾਂ ਬਹੁਤ
ਦੇਖ ਲਉ ਆਪ ਦੇ ਦਰ ਫੇਰ ਵੀ ਹਾਜ਼ਰ ਹਾਂ ਹਜ਼ੂਰ

ਮੇਘ ਕਣੀਆਂ ਦੇ ਭਰੇ, ਅੰਬਾਂ ਦੇ ਝੁੰਡਾਂ ਦੇ ਝੁਕੇ
ਕੋਲ ਇਕ ਦੂਜੇ ਦੇ ਕਿੰਨੇ ਤੇ ਅਸੀਂ ਕਿੰਨੇ ਦੂਰ

ਮੈਂ ਜਿਵੇਂ ਡੁੱਬ ਕੇ ਲਿਖੀ, ਤੂੰ ਵੀ ਉਵੇਂ ਗਾਈਂ ਗਜ਼ਲ
ਹੋਣ ਆਲਮ 'ਚ ਮੇਰੇ ਲਫਜ਼ ਤੇਰੇ ਸੁਰ ਮਸ਼ਹੂਰ.........

ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ

ਹੋ ਗਿਆ ਸਾਫ ਤਲ, ਸੰਭਲ ਗਏ ਮੇਰੇ ਜਲ
ਮੈਂ ਤਾਂ ਪੱਥਰ ਨੂੰ ਤਹਿ 'ਚ ਲੁਕੋ ਵੀ ਲਿਆ
ਨੀਰ ਵਿਚ ਨੂੰ ਸੀ ਕਿਨੇ ਦੇਖਣਾ
ਮੇਰੇ ਪਾਣੀ ਨੇ ਚੁਪ ਚਾਪ ਰੋ ਵੀ ਲਿਆ

ਹੁੰਦੀਆਮ ਉਂਜ ਤਾਂ ਸਭ ਸਥਾਪਿਤ ਸੁਰਾਂ
ਹੋਣ ਹਰ ਰਾਗ ਵਿਚ ਫਿਰ ਵੀ ਵਰਜਿਤ ਸੁਰਾਂ
ਸਭ ਮੇਰੇ ਜ਼ਾਬਤੇ, ਰਾਗ ਦੇ ਵਾਸਤੇ
ਮੈਂ ਤਾਂ ਬੰਦਿਸ਼ 'ਚ ਸਭ ਕੁਝ ਸਮੋ ਵੀ ਲਿਆ

ਜ਼ਹਿਰ ਤੇਰੀ ਤਾਂ ਮੈਂ ਹਜ਼ਮ ਵੀ ਕਰ ਲਈ
ਤੇਰੀ ਨਫਰਤ ਤਾਂ ਮੈਂ ਨਜ਼ਮ ਵੀ ਕਰ ਲਈ
ਤੂੰ ਜੋ ਬਖਸ਼ੇ ਸੀ ਉਹ ਜ਼ਖਮ ਫੁੱਲ ਬਣ ਗਏ
ਮੈਂ ਤੁਕਾਂ ਵਿਚ ਉਨਾਂ ਨੂੰ ਪਰੋ ਵੀ ਲਿਆ......

ਇਕ ਪਲ ਸਿਰਫ ਮਿਲੇ ਸਾਂ ਆਪਾਂ

ਇਕ ਪਲ ਸਿਰਫ ਮਿਲੇ ਸਾਂ ਆਪਾਂ, ਤੂੰ ਉਗਮਣ ਮੈਂ ਅਸਤਣ ਲੱਗਿਆਂ
ਡੁੱਬਦਾ ਚੜਦਾ ਸੂਰਜ ਕੋਲੋ ਕੋਲ ਖੜੇ ਸੀ ਵਿਛੜਨ ਲੱਗਿਆਂ

ਸੂਰਜ ਕਿਰਨ ਮਿਲਣ ਲੱਗੀ ਸੀ, ਜਲ ਕਾ ਜਲ ਹੋ ਚੱਲਿਆ ਸਾਂ ਮੈਂ
ਲੈ ਕੇ ਨਾਮ ਬੁਲਾਇਆ ਕਿਸ ਨੇ ਮੈਨੂੰ ਮੁਕਤੀ ਪਾਵਣ ਲੱਗਿਆਂ

ਖੌਫਜ਼ਦਾ ਹੋ ਜਾਂਦੇ ਬੰਦੇ, ਫੇਰ ਵਫਾ ਦੀਆਂ ਕਸਮਾਂ ਦਿੰਦੇ
ਕੁਦਰਤ ਹੋਣਾ ਚਾਹੁੰਦੇ ਹੁੰਦੇ, ਡਰ ਜਾਂਦੇ ਪਰ ਹੋਵਣ ਲੱਗਿਆਂ

ਸਾਡੇ ਰੂਪ ਦਾ ਕੀ ਹੋਵੇਗਾ, ਕੀ ਹੋਵੇਗਾ ਸਾਡੇ ਨਾਂ ਦਾ
ਡਰ ਕੇ ਪੱਥਰ ਹੋ ਜਾਂਦੇ ਨੇ ਬੰਦੇ ਪਾਣੀ ਹੋਵਣ ਲੱਗਿਆਂ

ਤਨ ਮਨ ਰੂਹ ਦੇ ਵੇਸ ਉਤਾਰੇ, ਰੱਖ ਦਿੱਤੇ ਮੈਂ ਰਾਤ ਕਿਨਾਰੇ
ਕੰਠ ਸੀ ਤੇਰੇ ਨਾਮ ਦੀ ਗਾਨੀ, ਤੇਰੇ ਨੀਰ 'ਚ ਉਤਰਨ ਲੱਗਿਆਂ

ਕੰਡਿਆਂ ਵਿਚ ਨਹੀਂ ਉਲਝੀਦਾ, ਨਾ ਫੁੱਲਾਂ 'ਤੇ ਹੱਕ ਧਰੀ ਦਾ,
ਬੱਸ ਹਵਾ ਹੀ ਹੋ ਜਾਈਦਾ, ਇਸ ਦੁਣੀਆਂ 'ਚੋਂ ਗੁਜ਼ਰਨ ਲੱਗਿਆਂ

ਅੱਗ ਨੂੰ ਆਪਣੀ ਹਿੱਕ ਵਿਚ ਰੱਖੀਂ, ਧੂੰਆਂ ਪਵੇ ਨ ਲੋਕਾਂ ਅੱਖੀਂ
ਮੇਰੀ ਗੱਲ ਨੂੰ ਚੇਤੇ ਰੱਖੀਂ, ਕੋਈ ਨਜ਼ਮ ਕਸ਼ੀਦਣ ਲੱਗਿਆਂ

ਕਿੰਨੀ ਨੇ ਔਕਾਤ ਦੇ ਮਾਲਕ, ਕਿਸ ਸ਼ਿੱਦਤ ਜਜ਼ਬਾਤ ਦੇ ਮਾਲਕ
ਪਾਰਖੂਆਂ ਵੀ ਪਰਖੇ ਜਾਣਾ, ਤੇਰੀ ਗਜ਼ਲ ਨੂੰ ਪਰਖਣ ਲੱਗਿਆਂ.......

ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਈਆ

ਪਾਣੀ ਵੀ ਪਿਆਸ ਵਾਂਗੂੰ ਅੱਜ ਬੇਕਰਾਰ ਹੋਈਆ
ਇਹ ਮੁਅਜਜ਼ਾ ਮੈਂ ਤੱਕਿਆ ਹੈ ਪਹਿਲੀ ਵਾਰ ਹੋਈਆ

ਪੱਤੇ ਹਵਾ ' ਚ ਕੰਬੇ ਸ਼ਾਖਾਂ ਦੁਆ 'ਚ ਉੱਠੀਆਂ
ਇਕ ਪੰਛੀਆਂ ਦਾ ਜੋੜਾ ਸੱਜਰਾ ਉਡਾਰ ਹੋਈਆ

ਇਕ ਸ਼ਮਅ ਹੋਈ ਰੌਸ਼ਨ ਇਕ ਜੋਤ ਇਉਂ ਜਗੀ ਹੈ
ਸਭ ਦੂਰ ਇਸ ਨਜ਼ਰ ਦਾ ਗਰਦੋ ਗੁਬਾਰ ਹੋਇਆ

ਮਿਲਿਆ ਸਬੂਤ ਮੈਨੂੰ ਯਕੀਨ ਕਾਮਿਲ
ਤਾਰੀਕੀਆਂ ਦਾ ਪਰਦਾ ਹੈ ਤਾਰ ਤਾਰ ਹੋਇਆ

ਤੱਕਿਆ ਮੈਂ ਦੋ ਜਹਾਨਾਂ ਦਾ ਹੁਸਨ ਤੇਰੇ ਨੈਣੀਂ
ਤੇਰੀ ਇਕ ਨਜ਼ਰ ਤੋਂ ਰੌਸ਼ਨ ਹਾ ਵਾਰ ਵਾਰ ਹੋਇਆ........

ਅਸੀਂ ਕੋਈ ਖੋਤੇ ਆਂ ?

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ?
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?

ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ


ਭਟਕਦੇ ਸੀ ਸਦੀਆਂ ਤੋਂ ਬੇਚੈਨ ਜਿਹੜੇ
ਉਹ ਮੇਰੇ ਉਦਾਸੇ ਖਿਲਾਵਾਂ ਦੇ ਪੰਛੀ
ਕਿਵੇਂ ਸ਼ੌਂ ਗਏ ਸ਼ਾਂਤ ਤੇਰੇ ਵਣਾਂ ਵਿਚ
ਉਨੀਂਦੇ ਜਿਹੇ ਭਾਵਨਾਵਾਂ ਦੇ ਪੰਛੀ

ਕਿਸੇ ਨੇ ਸੀ ਧਰਤੀ 'ਤ ਦਾਣੇ ਖਿਲਾਰੇ
ਉਤਰ ਆਏ ਉਹ ਮੋਹ ਤੇ ਮਮਤਾ ਦੇ ਮਾਰੇ
ਫਸੇ ਜਾਲ ਅੰਦਰ ਉਹ ਆ ਕੇ ਵਿਚਾਰੇ
ਜੋ ਸਨ ਬਹੁਤ ਉੱਚੀਆਂ ਹਵਾਵਾਂ ਦੇ ਪੰਛੀ

ਕੁੱਝ ਏਦਾਂ ਦੇ ਝੱਖੜ ਸੀ ਉਸ ਰਾਤ ਚੱਲੇ
ਮਰੇ ਹੋਏ ਦੇਖੇ ਦਰਖਤਾਂ ਦੇ ਥੱਲੇ
ਮੁਹੱਬਤ, ਵਫਾ, ਹੁਸਨ, ਨੇਕੀ, ਸ਼ਰਾਫਤ
ਇਹੋ ਜੇਹੇ ਮਨਮੋਹਣੇ ਨਾਵਾਂ ਦੇ ਪੰਛੀ

ਹਵਾਵਾਂ 'ਚ ਤਰਦੀ ਇਹ ਸੌਗਾਤ ਆਈ
ਢਲੀ ਸ਼ਾਮ ਜਿਸ ਦਮ, ਜਦੋਂ ਰਾਤ ਆਈ
ਸਿਰਫ ਸੜਦੇ ਜੰਗਲ 'ਚੋਂ ਕੁਰਲਾਟ ਆਈ
ਗਏ ਨਾ ਮੁੜੇ ਮੇਰੇ ਚਾਵਾਂ ਦੇ ਪੰਛੀ...............

ਮੈਂ ਕੱਲ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ

ਮੈਂ ਕੱਲ ਅਸਮਾਨ ਡਿਗਦਾ ਤਾਰੇ ਟੁੱਟਦੇ, ਚੰਨ ਬੁੱਝਦਾ ਦੇਖਿਆ ਹੈ
ਮੈਂ ਤੈਨੂੰ ਹੋਰ ਹੁੰਦਾ ਦੂਰ ਜਾਂਦਾ ਗੈਰ ਬਣਦਾ ਦੇਖਿਆ ਹੈ

ਕਈ ਗਰਜ਼ਾਂ ਦੀਆਂ ਗੰਢਾਂ ਕਈ ਲੁਕਵੇਂ ਜਿਹੇ ਹਉਮੈ ਦੇ ਟਾਂਕੇ
ਮੈਂ ਇਸ ਰਿਸ਼ਤੇ ਦੀ ਬੁਣਤੀ ਦਾ ਪਲਟ ਕੇ ਦੂਜਾ ਪਾਸਾ ਦੇਖਿਆ ਹੈ

ਤੂੰ ਜਿਸ ਨੂੰ ਖਾਕ ਅੰਦਰ ਸੁੱਟਿਆ ਸੀ, ਰੁਲ ਗਿਆ ਹੈ, ਸਮਝਿਆ ਸੀ
ਕਿ ਉਹ ਤਾਂ ਬੀਜ ਸੀ ਅੱਜ ਆਪ ਉਸ ਨੂੰ ਮੈਂ ਬਣ ਕੇ ਫੁੱਲ ਖਿੜਿਆ ਦੇਖਿਆ ਹੈ

ਸਿਰਫ ਮੈਂ ਹੀ ਰਹੀ ਹਾਂ ਉਮਰ ਭਰ ਸਰਦਲ ਦੇ ਲਾਗੇ ਬੁੱਤ ਬਣ ਕੇ
ਮੈਂ ਆਪਣੇ ਦਿਲ ਨੂੰ ਤਾਂ ਇਸ ਘਰ 'ਚੋਂ ਲੱਖਾਂ ਵਾਰ ਭੱਜਦਾ ਦੇਖਿਆ ਹੈ

ਤੁਹਾਡੇ ਵਾਸਤੇ ਜੋ ਕੁਝ ਨਹੀਂ, ਦੀਵਾ ਨ ਜੁਗਨੂੰ, ਮੈਂ ਤਾਂ ਉਸ ਨੂੰ
ਉਦੀ ਨਿੱਕੀ ਜਿਹੀ ਦੁਨੀਆਂ 'ਚ ਸੂਰਜ ਵਾਂਗ ਜਗਦਾ ਦੇਖਿਆ ਹੈ..............

ਉਮਰ ਦੇ ਸੁੰਨੇ ਹੋਣਗੇ ਰਸਤੇ ,

ਉਮਰ ਦੇ ਸੁੰਨੇ ਹੋਣਗੇ ਰਸਤੇ ,
ਰਿਸ਼ਤਿਆਂ ਦਾ ਸਿਆਲ ਹੋਵੇਗਾ |
ਕੋਈ ਕਵਿਤਾ ਦੀ ਸਤਰ ਹੋਵੇਗੀ ,
ਜੇ ਨ ਕੋਈ ਹੋਰ ਨਾਲ ਹੋਵੇਗਾ |

ਉਮਰ ਦੀ ਰਾਤ ਅੱਧੀਓਂ ਬੀਤ ਗਈ ,
ਦਿਲ ਦਾ ਦਰਵਾਜ਼ਾ ਕਿਸ ਨੇ ਖੜਕਾਇਆ |
ਕੌਣ ਹੋਣਾ ਹੈ ਯਾਰ ਇਸ ਵੇਲੇ ,
ਐਵੇਂ ਤੇਰਾ ਖ਼ਿਆਲ ਹੋਵੇਗਾ |

ਖੌਫ ਦਿਲ ਵਿਚ ਹੈ ਛਾ ਰਿਹਾ ਏਦਾਂ ,
ਜਾਪਦਾ ਉਹ ਵੀ ਸ਼ਾਮ ਆਵੇਗੀ |
ਜਦ ਅਸਾਂ ਮੁਨਕਰਾਂ ਦੀਆਂ ਤਲੀਆਂ ,
ਤੇ ਚਿਰਾਗਾਂ ਦਾ ਥਾਲ ਹੋਵੇਗਾ |

ਜ਼ੱਰਾ ਜ਼ੱਰਾ ਜੋ ਆਤਮਾ ਤੇ ਕਿਰੇ ,
ਨਾਲ ਦੀ ਨਾਲ ਇਸ ਨੂੰ ਸਾਂਭੀ ਚਲ |
ਵਰਨਾ ਮਿੱਟੀ ਅਤੁੱਲਵੀਂ ਹੇਠੋਂ ,
ਤੈਥੋਂ ਸਿਰ ਨਾ ਉਠਾਲ ਹੋਵੇਗਾ |

ਸਭ ਦੀ ਹੀ ਛਾਂ ਹੈ ਆਪਣੇ ਜੋਗੀ ,
ਰੁੱਖ ਵੀ ਹੋਏ ਬੰਦਿਆਂ ਵਰਗੇ |
ਕੀ ਪਤਾ ਸੀ ਕਿ ਲੰਮੇ ਸਾਇਆਂ ਦਾ ,
ਇਹ ਦੁਪਿਹਰਾਂ ਨੂੰ ਹਾਲ ਹੋਵੇਗਾ |

ਸ਼ਾਮ ਹੋ ਸਕਦੀ ਹੈ ਕਿਸੇ ਪਲ ਵੀ ,
ਮੈਨੂੰ ਹਰ ਪਲ ਇਹ ਯਾਦ ਰਹਿੰਦਾ ਹੈ |
ਮੈਨੁੰ ਤੂੰ ਅਚਨਚੇਤ ਮਾਰੇਂਗਾ ,
ਐਵੇਂ ਤੇਰਾ ਖ਼ਿਆਲ ਹੋਵੇਗਾ |

ਨਾ ਸਹੀ ਇਨਕਲਾਬ ਨਾ ਹੀ ਸਹੀ ,
ਸਭ ਗ਼ਮਾਂ ਦਾ ਇਲਾਜ ਨਾ ਹੀ ਸਹੀ |
ਪਰ ਕੋਈ ਹਲ ਜਨਾਬ ਕੋਈ ਜਵਾਬ ,
ਕਿ ਸਦਾ ਹੀ ਸਵਾਲ ਹੋਵੇਗਾ |

ਕਦੀ ਜੰਗਲਾਂ ਦੇ ਅੰਦਰ ,

ਕਦੀ ਜੰਗਲਾਂ ਦੇ ਅੰਦਰ ,
ਕਦੀ ਪਰਬਤਾਂ ਦੇ ਦੁਆਰੇ |
ਸਦੀਆਂ ਤੋਂ ਵਾ ਦੇ ਬੁੱਲੇ ,
ਫਿਰਦੇ ਨੇ ਮਾਰੇ ਮਾਰੇ |

ਤਪਦਾ ਏ ਤਪਿਆ ਸੂਰਜ ,
ਸਾਗਰ ਚ ਡੁੱਬ ਨਾ ਸਕਿਆ |
ਪਾਣੀ ਸਮੁੰਦਰਾਂ ਦਾ ,
ਤਪ ਕੇ ਮਿਲਣ ਨੂੰ ਉਡਿਆ |

ਡਿਗਿਆ ਪਹਾੜਾਂ ਉਤੇ ,
ਬਣ ਕੇ ਬਰਫ਼ ਦੇ ਤੁੰਬੇ |
ਕਿੰਜ ਸ਼ਾਂਤ ਹੋ ਰਹੇ ਨੇ ,
ਉਹਦੇ ਕਾਲਜੇ ਦੇ ਲੁੰਬੇ |

ਧਰਤੀ ਹਜ਼ਾਰ ਦੁਖੜੇ ,
ਸੀਨੇ ਦੇ ਵਿਚ ਲੁਕੋਂਦੀ |
ਅੰਦਰ ਲੁਕੇ ਜਲਾਂ ਵਿਚ ,
ਅੱਖੀਆਂ ਡੁਬੋ ਕੇ ਰੋਂਦੀ |

ਕਦੀ ਪਾੜ ਕੇ ਕਲੇਜਾ ,
ਫੁਟਦੀ ਏ ਤੇਜ਼ ਜੁਆਲਾ |
ਟੁਟਦੇ ਨੇ ਕੜ ਸਬਰ ਦੇ ,
ਖਾਂਦਾ ਏ ਦਿਲ ਉਛਾਲਾ |

ਜੋ ਸਹਿ ਲਿਆ ਏ ਸਦੀਆਂ ,
ਇਕ ਦਿਵਸ ਨਾ ਸਹੇਗਾ |
ਸਦੀਆਂ ਦੀ ਅਣਕਹੀ ਨੂੰ ,
ਇਕ ਹਾਦਸਾ ਕਹੇਗਾ |

ਇਹ ਨੇੜਤਾ ਦੀ ਸੱਧਰ ,
ਤੇ ਦੂਰੀਆਂ ਦਾ ਮਸਲਾ |
ਸੰਯੋਗ ਦਾ ਇਹ ਸੁਪਨਾ ,
ਤੇ ਵਿਯੋਗ ਦਾ ਇਹ ਅਸਲਾ |

ਅਟਕੇ ਨੇ ਰੂਪ ਸਾਰੇ ,
ਇਕ ਦੂਸਰੇ ਸਹਾਰੇ |
ਜੇ ਕੋਸ਼ਿਸ਼ ਨਹੀਂ ਤਾਂ ਕੀ ਨੇ ,
ਇਹ ਜਹਾਨ ਦੇ ਖਲਾਰੇ |

ਨਮਸਕਾਰ

ਉਸਨੂੰ ਤੱਕ ਕੇ
ਉਹ ਜੋ ਤੇਰੇ ਸੀਨੇ ਵਿਚੋਂ
ਫੁੱਲ ਖਿੜਿਆ ਸੀ
ਉਹ ਮੇਰੇ ਤੋਂ ਜਰ ਨਾ ਹੋਇਆ

ਮੈਂ ਉਸ ਫੁੱਲ ਨੂੰ ਵਰਜਣ ਲੱਗਾ
ਮੇਰੇ ਸੀਨੇ ਵਿਚੋਂ ਹੀ ਆਵਾਜ਼ ਇਹ ਆਈ :

ਐ ਮੇਰੇ ਮਨ
ਇਹ ਤਾਂ ਐਵੇਂ ਵਹਿਮ ਹੈ ਤੇਰਾ
ਕਿ ਵਰਜੇ ਹੋਏ ਫੁੱਲ ਮੁਰਝਾ ਕੇ ਮਰ ਜਾਂਦੇ ਨੇ

ਵਰਜੇ ਹੋਏ ਫੁੱਲ ਕਦੀ ਨਾ ਮਰਦੇ
ਵਰਜੇ ਹੋਏ ਫੁੱਲ ਹਮੇਸ਼ਾ ਜੂਨ ਪਲਟਦੇ
ਜੂਨ ਪਲਟ ਕੇ ਸੱਪ ਬਣ ਜਾਂਦੇ
ਅਪਣੇ ਘਰ ਦੀਆਂ ਖੂੰਜਾਂ ਖਰਲਾਂ ਅੰਦਰ
ਕਿਧਰੇ ਲੁਕ ਜਾਂਦੇ ਨੇ

ਵਰਜ ਨਾ ਉਸਨੂੰ
ਨਮਸਕਾਰ ਕਰ ਖਿੜਦੇ ਫੁੱਲ ਨੂੰ
ਨਮਸਕਾਰ ਕਰ
ਛਾਤੀ ਵਿਚਲੀਆਂ ਨੇਕੀਆਂ ਬਦੀਆਂ ਇੱਛਾਵਾਂ ਨੂੰ
ਨਮਸਕਾਰ ਕਰ ਛਾਤੀ ਵਿਚਲੇ ਅੰਧਕਾਰ ਨੂੰ
ਨਮਸਕਾਰ ਕਰ ਇਸ ਅੰਦਰਲੀ ਕਾਇਨਾਤ ਨੂੰ

ਇਸ ਦੇ ਨਾਲ ਝਗੜ ਨਾ
ਪਾਗ਼ਲ ਹੋ ਜਾਵੇਂਗਾ |

ਇਕ ਦੀ ਰਾਸ਼ੀ ਧਰਤ ਸੀ

ਇਕ ਦੀ ਰਾਸ਼ੀ ਧਰਤ ਸੀ , ਇਕ ਦੀ ਰਾਸ਼ੀ ਅਗਨ ਸੀ
ਇਕ ਉੱਗਣ ਵਿਚ ਲੀਨ ਸੀ , ਇਕ ਜਾਲਣ ਵਿਚ ਮਗਨ ਸੀ

ਇਕ ਬੰਦੇ ਦੀ ਸੋਚ ਨੇ , ਐਸਾ ਮੰਤਰ ਮਾਰਿਆ
ਅੱਗ ਤੇ ਮਿੱਟੀ ਮਿਲ ਗਏ , ਦੀਵੇ ਲਗ ਪਏ ਜਗਣ ਸੀ

ਧਾਤ ਨੂੰ ਤਾਰ ਚ ਢਾਲਿਆ , ਰੁੱਖ ਰਬਾਬ ਬਣਾ ਲਿਆ
ਇਹ ਤਾਂ ਸਭ ਤਕਨੀਕ ਸੀ , ਅਸਲੀ ਗੱਲ ਤਾਂ ਲਗਨ ਸੀ

ਅਸਲੀ ਗੱਲ ਤਾਂ ਰਾਗ ਸੀ ਜਾਂ ਸ਼ਾਇਦ ਵੈਰਾਗ ਸੀ
ਨਹੀਂ ਨਹੀਂ ਅਨੁਰਾਗ ਸੀ , ਜਿਸ ਵਿਚ ਹਰ ਸ਼ੈ ਮਗਨ ਸੀ

ਖਿੱਚਾਂ ਕੁਝ ਮਜਬੂਰੀਆਂ , ਕੁਝ ਨੇੜਾ , ਕੁਝ ਦੂਰੀਆਂ
ਧਰਤੀ ਘੁੰਮਣ ਲੱਗ ਪਈ , ਅੰਬਰ ਲੱਗ ਪਿਆ ਜਗਣ ਸੀ

ਪਹਿਲਾਂ ਦਿਲ ਵਿਚ ਖੜਕੀਆਂ , ਫਿਰ ਸਾਜ਼ਾਂ ਵਿਚ ਥਰਕੀਆਂ
ਤਾਰਾਂ ਦੇ ਸਨ ਦੋ ਸਿਰੇ , ਇਕ ਛੁਪਿਆ ਇਕ ਨਗਨ ਸੀ

ਮਨ ਤੇ ਪਰਦੇ ਪਹਿਨ ਕੇ , ਉਸ ਦੇ ਦਰ ਤੂੰ ਕਿਉਂ ਗਿਆ
ਸ਼ੀਸ਼ੇ ਵਾਂਗ ਸ਼ਫਾਫ ਜੋ ਧੁੱਪਾਂ ਵਾਂਗੂੰ ਨਗਨ ਸੀ

ਤਾਰਾਂ ਵਾਂਗ ਮਹੀਨ ਸੀ , ਇਹ ਉਸਦੀ ਤੌਹੀਨ ਸੀ
ਉਸ ਸੰਗ ਉੱਚੀ ਬੋਲਣਾ ਚੁੱਪ ਅੰਦਰ ਜੋ ਮਗਨ ਸੀ

ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ

ਉਂਜ ਤਾਂ ਉਹ ਲਿਸ਼ਕਦੀ ਸ਼ਮਸ਼ੀਰ ਸੀ
ਪਿਆਰ ਵਿਚ ਪਿਘਲੀ ਤਾਂ ਇਕ ਦਮ ਨੀਰ ਸੀ

ਮੇਰੇ ਸੀਨੇ ਲਗ ਕੇ ਚਸ਼ਮਾ ਬਣ ਗਿਆ
ਚੱਲਿਆ ਤਾਂ ਉਹ ਕਮਾਨੋਂ ਤੀਰ ਸੀ

ਤ੍ਭਕ ਕੇ ਉਠਿਆ ਮੇਰੇ ਪਹਿਲੂ 'ਚੋਂ ਉਹ
ਹੋਰ ਮੰਜ਼ਿਲ ਦਾ ਜਿਵੇਂ ਰਾਹਗੀਰ ਸੀ

ਲਫਜ਼ ਤੇ ਸੰਗੀਤ ਕੁਝ ਇਉਂ ਘੁਲ ਗਏ
ਗੀਤ ਜਿਉਂ ਰਾਂਝਾਂ ਅਤੇ ਧੁਨ ਹੀਰ ਸੀ

ਉਹ ਜਦੋਂ ਲਿਸ਼ਕੀ ਹਨੇਰਾ ਤੜਪਿਆ
ਉਹ ਜਿਵੇਂ ਰਿਸ਼ਮ ਨਈਂ ਸੀ ਤੀਰ ਸੀ.....

ਪੁਲ਼

ਮੈਂ ਜਿਨਾਂ ਲੋਕਾਂ ਲਈ ਪੁਲ਼ ਬਣ ਗਿਆ ਸਾਂ
ਉਹ ਜਦੋਂ ਮੇਰੇ ਤੋਂ ਲੰਘ ਕੇ ਜਾ ਰਹੇ ਸਨ
ਮੈਂ ਸੁਣਿਆ ਮੇਰੇ ਬਾਰੇ ਕਹਿ ਰਹੇ ਸਨ:

ਉਹ ਕਿੱਥੇ ਰਹਿ ਗਿਆ ਹੈ ਚੁੱਪ ਜਿਹਾ ਬੰਦਾ

ਸ਼ਾਇਦ ਪਿੱਛੇ ਮੁੜ ਗਿਆ ਹੈ

ਸਾਨੂੰ ਪਹਿਲਾਂ ਪਤਾ ਸੀ ਕਿ ਉਸ ਵਿੱਚ ਦਮ ਨਹੀਂ ਹੈ|

ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ

ਐ ਇਸ਼ਕ ਆਤਿਸ਼ ਤੂੰ ਚੀਰ ਨੇਰੇ
ਤੂੰ ਕਰ ਨ ਕੋਈ ਲਿਹਾਜ਼ ਆ ਜਾ
ਜੋ ਜੁਰਮ ਕਹਿੰਦੇ ਨੇ ਜਗਣ ਨੂੰ ਵੀ
ਤੂੰ ਜਾਲ ਰੀਤਾਂ ਰਿਵਾਜ ਆ ਜਾ

ਵਜੂਦ ਮੇਰਾ ਹਜ਼ਾਰ ਤਾਰਾਂ
ਦਾ ਬੇਸੁਰਾ ਅੱਜ ਏ ਸ਼ਾਜ ਆ ਜਾ
ਖਿਆਲ ਹੋ ਜਾਂ ਨੁਹਾਰ ਬਣ ਕੇ
ਐ ਸੋਜ਼ ਸਰਗਮਨਵਾਜ਼ ਆ ਜਾ
ਬਗੈਰ ਤੇਰੇ ਇਹ ਦਿਲ ਹੈ ਪੱਥਰ
ਹਵਾ ਹੈ ਗੁਮਸੁਮ ਫਿਜ਼ਾ ਹੈ ਬੋਝਲ
ਤੂੰ ਪੌਣ ਬਣ ਕੇ ਤੂੰ ਹੋ ਕੇ ਰਿਮਝਿਮ
ਐ ਨਜ਼ਮ ਨਾਜ਼ਕ ਮਿਜ਼ਾਜ ਆ ਜਾ

ਮੈਂ ਬੇਹੇ ਪਾਣੀ ਨੂੰ ਭਾਫ ਕਰਨਾ
ਮੈਂ ਫੇਰ ਕਣੀਆਂ ਦੇ ਵਾਂਗ ਵਰਨਾ
ਮੈਂ ਤੇਰੇ ਤੀਰਾਂ ਦਾ ਵਾਰ ਜਰਨਾ
ਐ ਮੇਰੇ ਸੂਰਜ ਸਿਰਾਜ ਆ ਜਾ

ਉਮੀਦ ਵਾਲੀ ਨ ਢਾਹ ਅਟਾਰੀ
ਨ ਬੰਦ ਕਰ ਇਹ ਉਡੀਕ ਬਾਰੀ
ਤੂੰ ਢੋ ਨ ਬੂਹੇ, ਬੁਝਾ ਨ ਦੀਵੇ
ਵਿਛੋੜੀਆ ਵੇ ਤੁੰ ਬਾਜ਼ ਆ ਜਾ............

ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ

ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ
ਤੋੜੋ ਬਹੁਤ ਆਸਾਨ ਹੈ 'ਪਾਤਰ' ਨੂੰ ਤੋੜਨਾ

ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖਰ ਨੂੰ ਤੋੜਨਾ
ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ

ਏਸੇ ਲਈ ਖੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂ
ਬੇਰਹਿਮ ਲਗਦਾ ਸੀ ਬਹੁਤ ਇਕ ਘਰ ਨੂੰ ਤੋੜਨਾ........

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ

ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ
ਕਿਨੇ ਹਸੀਨ ਚੇਹਰੇ, ਨੈਣਾਂ ਦੇ ਗੋਲ ਘੇਰੇ
ਸ਼ਾਮਾਂ ਅਤੇ ਸਵੇਰੇ..........
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਮੇਰਾ ਰਾਜ਼ਦਾਨ ਸ਼ੀਸ਼ਾ,ਮੇਰਾ ਕਦਰਦਾਨ ਸ਼ੀਸ਼ਾ
ਮੈਨੂੰ ਆਖਦਾ ਏ ਸੋਹਣੀ , ਇੱਕ ਨੌਜਵਾਨ ਸ਼ੀਸ਼ਾ
ਏਹੋ ਤਾਂ ਮੁਸ਼ਿਕਲਾਂ ਨੇ
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਇੱਕ ਆਸ ਏ ਮਿਲਣ ਦੀ , ਮੇਰੇ ਸਾਂਵਰੇ ਸੱਜਣ ਦੀ
ਕੁਝ ਕਹਣ ਦੀ ਸੁਨਣ ਦੀ
ਇਹ ਕਿਹਕੇ ਉਸਨੇ ਸੀਨੇ ਲੱਗਣਾ, ਤੇ ਸਿਸਕਣਾ ਏ
ਮੇਰੀ ਖੁਦਕੁਸ਼ੀ ਦੇ ਰਾਹ ਚ , ਸੈਆਂ ਹੀ ਅੜਚਨਾਂ ਨੇ

ਇੱਕ ਰਾਤ ਹੋਈ ਮੇਰੀ ਜੀਵਨ ਦੇ ਨਾਲ ਅਣਬਣ
ਮੈ ਮਰਨ ਤੁਰੀ ਤਾਂ ਲੱਗ ਪਈ ,ਪੰਜੇਬ ਮੇਰੀ ਛਣਕਣ
ਬਾਹੋਂ ਪਕੜ ਬਿਠਾਇਆ , ਟੁੱਟ ਪੈਣੈ ਕੰਗਣਾ ਨੇ
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਸੂਰਜ ਅਤੇ ਸਿਤਾਰੇ , ਮੇਰੇ ਰਾਹ 'ਚ ਚੰਨ ਤਾਰੇ
ਮੈਨੂੰ ਘੇਰਦੇ ਨੇ ਸਾਰੇ, ਆ ਜਾ ਕੇ ਖੇਡਣਾ ਏ?
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ, ਸੈਆਂ ਹੀ ਅੜਚਨਾਂ ਨੇ

ਤੁੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ

ਤੁੰ ਖੁਸ਼ ਰਿਹਾ ਕਰ ਐਵੇਂ ਬਹੁਤਾ ਸੋਚਿਆ ਨ ਕਰ
ਅਪਣੇ ਹੀ ਕੰਢੇ ਖੋਰ ਕੇ ਇਉਂ ਗੰਧਲਿਆ ਨ ਕਰ

ਅੱਗੇ ਬਥੇਰੀ ਜ਼ਹਿਰ ਹੈ ਫੈਲੀ ਜਹਾਨ ਵਿਚ
ਗੁੱਸੇ 'ਚ ਆ ਕੇ ਬੋਲ ਕੌੜੇ ਬੋਲਿਆ ਨ ਕਰ

ਹੁਣ ਧੀਆਂ ਪੁੱਤ ਜਵਾਨ ਨੇ ਤੇ ਅੱਗ ਦੀ ਉਮਰ ਹੈ
ਸਮਝਾ ਦਿਆ ਕਰ ਪਿਆਰ ਨਾਲ ਤੂੰ ਝਿੜਕਿਆ ਨ ਕਰ

ਕੁਦਰਤ ਵੀ ਕਾਇਮ ਰੱਖਦੀ ਏ ਸਮਤੋਲ ਸੁਹਣਿਆ
ਰਾਤਾਂ ਦਿਨਾਂ ਦੇ ਗੇੜ ਨੂੰ ਤੁੰ ਰੋਕਿਆ ਨ ਕਰ

ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ
ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ

ਬੱਸ ਅਪਣੀ ਤਹਿ ਹੇਠਾਂ ਪਏ ਪੱਥਰ ਹੀ ਤਕ ਸਕੇਂ
ਸੂਰਜ ਨ ਚੰਨ ਤਾਰੇ ਦਿਸਣ ਇਉਂ ਗੰਧਲਿਆ ਨ ਕਰ

ਜੇ ਸੋਚਣਾ ਤਾਂ ਸੋਚ ਇਉਂ ਕਿ ਖੁਦ ਤੋਂ ਪਾਰ ਹੋ
ਅਪਣੇ ਹੀ ਦਿਲ ਵਿਚਕਾਰ ਐਵੇਂ ਰੜਕਿਆ ਨ ਕਰ...........

ਉਦਾਸ ਹੋਵੀਂ ਨਿਰਾਸ਼ ਹੋਵੀਂ

ਉਦਾਸ ਹੋਵੀਂ ਨਿਰਾਸ਼ ਹੋਵੀਂ
ਜਾਂ ਦਿਲ 'ਚ ਕੋਈ ਮਲਾਲ ਰੱਖੀਂ
ਪਰ ਇਹ ਵੀ ਹੈ ਇਕ ਪੜਾਅ ਸਫਰ ਦਾ
ਤੂੰ ਏਸ ਗੱਲ ਦਾ ਖਿਆਲ ਰੱਖੀਂ

ਮੈਂ ਹਿਜ਼ਰ ਤੇਰੇ ਦੇ ਪੱਤਣਾਂ ਤੋਂ
ਇਕ ਉਮਰ ਹੋਈ ਕਿ ਲੰਘ ਆਇਆਂ
ਮੈਂ ਏਨਾ ਰੋਇਆਂ ਕਿ ਲਹਿਰ ਹੋਇਆਂ
ਤੂੰ ਅਪਣੇ ਪੱਥਰ ਸੰਭਾਲ ਰੱਖੀਂ

ਵਜੂਦ ਤੋਂ ਤੂੰ ਵੀ ਸਾਜ਼ ਹੀ ਹੈਂ
ਤੇ ਆਪੇ ਸਾਜ਼ਨਵਾਜ਼ ਵੀ ਹੈਂ
ਤੂੰ ਸੁਣ ਖਮੋਸ਼ੀ ਦੀ ਧੁਨ ਤੇ ਖੁਦ ਨੂੰ
ਤੂੰ ਸੁਰ ਉਸੇ ਸਾਜ਼ ਨਾਲ ਰੱਖੀਂ

ਇਹ ਚੰਨ ਤਾਰੇ, ਇਹ ਸਭ ਸੱਯਾਰੇ
ਕਸ਼ਿਸ਼ ਦੇ ਮਾਰੇ ਹੀ ਘੁੰਮਦੇ ਨੇ
ਖਿਆਲ, ਚਿਹਰਾ ਜਾਂ ਖਾਬ ਕੋਈ
ਤੂੰ ਅਪਣੀ ਖਾਤਰ ਵੀ ਭਾਲ ਰੱਖੀਂ...........

ਇਸ ਨਗਰੀ ਤੇਰਾ ਜੀ ਨਹੀਂ ਲੱਗਦਾ

ਇਸ ਨਗਰੀ ਤੇਰਾ ਜੀ ਨਹੀਂ ਲੱਗਦਾ
ਇਕ ਚੜਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ

ਇਕ ਖਤ ਆਵੇ ਧੁੱਪ ਦਾ ਲਿਖਿਆ
ਮਹਿੰਦੀ ਰੰਗੇ ਪੰਨੇ ਤੇ
ਤੇਰੇ ਵਿਹੜੇ ਬੂਟਾ ਬਣ ਕੇ
ਉਗ ਆਵਾਂ ਜੇ ਮੰਨੇ ਤੇ

ਇਕ ਖਤ ਆਵੇ,ਜਿਸ ਤੇ ਹੋਵੇ
ਤੇਰਾ ਨਾਂ ਇਤਿਹਾਸ ਦਾ ਬੋਲ
ਤੇਰੀ ਰਚਨਾ ਦੀ ਵਡਿਆਈ
ਤੇਰੇ ਮਹਾ ਵਿਕਾਸ ਦਾ ਬੋਲ

ਇਕ ਖਤ ਆਵੇ ਮਾਂ ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ

ਇਹ ਖਤ ਆਵਣਗੇ ਤਾਂ ਆਖਰ
ਲਿਖ ਲਿਖ ਲੋਕੀਂ ਪਾਵਣਗੇ
ਤੇਰੇ ਚਾਹੇ ਖਤ ਨੇ ਅੈਪਰ
ਹੋਰ ਕਿਸੇ ਘਰ ਜਾਵਣਗੇ

ਪਰ ਤੂੰ ਆਸ ਨਾ ਛੱਡੀ ਆਖਰ
ਤੈਨੂੰ ਵੀ ਖਤ ਆਵੇਗਾ
ਤੇਰਾ ਲਗਦਾ ਕੋਈ ਤਾਂ ਆਖਰ
ਲਿਖ ਲਿਖ ਚਿਠੀਆਂ ਪਾਵੇਗਾ

ਖਤ ਆਵੇਗਾ ਰਾਤ ਬਰਾਤੇ
ਖਤ ਆਵੇਗਾ ਅੰਮੀ ਦਾ
ਪੁੱਤਰ ਇਉਂ ਨਹੀਂ ਭੁੱਲ ਜਾਈਦਾ
ਜਿਹੜੀ ਕੁੱਖੋ ਜੰਮੀ ਦਾ
ਖੜਾ ਖੜੋਤਾ ਹਾਲ ਤਾਂ ਪੁੱਛ ਜਾ
ਬੁੱਢੀ ਜਾਨ ਨਿਕੰਮੀ ਦਾ
ਉਮਰਾਂ ਵਾਗੂੰ ਅੰਤ ਨੀ ਹੁੰਦਾ
ਕਿਤੇ ਉਦਾਸੀ ਲੰਮੀ ਦਾ

ਖਤ ਆਵੇਗਾ ਬਹੁਤ ਕੁਵੇਲੇ
ਧਰਤੀੳਂ ਲੰਮੀ ਛਾਂ ਦਾ ਖਤ
ਚੁੱਪ ਦੇ ਸਫਿਆਂ ਉੱਤੇ ਲਿਖੀਆ
ਉਜੜੀ ਸੁੰਨ ਸਰਾਂ ਦਾ ਖਤ
ਇਕ ਬੇਨਕਸ਼ ਖਿਲਾਅ ਦਾ ਲਿਖੀਆ
ਤੇਰੇ ਅਸਲੀ ਨਾਂ ਦਾ ਖਤ
ਲੋਕ ਕਹਿਣਗੇ ਕਬਰ ਦਾ ਖਤ ਹੈ
ਤੂੰ ਆਖੇਗਾ ਮਾਂ ਦਾ ਖਤ

ਖਤ ਖੁੱਲੇਗਾ ਖਤ ਦੇ ਵਿੱਚੋਂ
ਹੱਥ ਉੱਠੇਗਾ ਸ਼ਾਮ ਜਿਹਾ
ਤੇਰੇ ਪਿੰਜਰ ਨੂੰ ਫੋਲੇਗਾ
ਬੇਕਿਰਕਾ ਬੇਰਾਮ ਜਿਹਾ
ਤੇਰੇ ਅੰਦਰੋਂ ਪੰਛੀ ਉੱਡ ਉੱਡ
ਭਰ ਜਾਊ ਅਸਮਾਨ ਜਿਹਾ
ਜਿਹੜਾ ਕਦੀ ਨਹੀਂ ਸੀ ਉੱਠਿਆ
ਉਠੂ ਦਾੇਦ ਬੇਨਾਮ ਜਿਹਾ
ਪਰ ਉਸ ਪਿੱਛੋਂ ਤੱਪਦੀ ਰੂਹ ਨੂੰ
ਆ ਜਾਊ ਆਰਾਮ ਜਿਹਾ

ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੈ
ਨਾ ਕੋਈ ਫੇਰ ਉਡੀਕ ਖਤਾਂ ਦੀ
ਨਾ ਕੋਈ ਤੂੰ ਨਾ ਤੇਰਾ ਹੈ

ਇਸ ਨਗਰੀ ਤੇਰਾ ਜੀ ਨਹੀਂ ਲਗਦਾ
ਇਕ ਚੜਦੀ ਇਕ ਲਹਿੰਦੀ ਹੈ
ਤੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ

ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ,

ਉਹ ਮੈਨੂੰ ਰਾਗ ਤੋਂ ਵੈਰਾਗ ਤੀਕਣ ਜਾਣਦਾ ਹੈ,
ਮੇਰੀ ਆਵਾਜ਼ ਦਾ ਉਹ ਰੰਗ ਵੀ ਪਹਿਚਾਣਦਾ ਹੈ

ਜ਼ਰਾ ਹਉਕਾ ਭਰਾਂ ਤਾਂ ਕੰਬ ਜਾਂਦਾ, ਡੋਲ ਜਾਂਦਾ,
ਅਜੇ ਉਹ ਸਿਰਫ ਮੇਰੇ ਹਾਸਿਆਂ ਦੇ ਹਾਣ ਦਾ ਹੈ

ਮੇਰਾ ਮਹਿਰਮ ਮੇਰੇ ਇਤਿਹਾਸ ਦੀ ਹਰ ਪੈੜ ਜਾਣੇ,
ਮੇਰਾ ਮਾਲਕ ਸਿਰਫ ਜੁਗਜਾਫੀਆਂ ਹੀ ਜਾਣਦਾ ਹੈ

ਉਨੁੰ ਆਖੋ ਕਿਸੇ ਮਿੱਟੀ ਚ ਉਗ ਕੇ ਖਿੜ ਪਵੇ ਉਹ,
ਉਹ ਐਵੇਂ ਰਸਤਿਆਂ ਦੀ ਖਾਕ ਕਾਹਨੂੰ ਛਾਣਦਾ ਹੈ

ਜਦੋਂ ਬੇਮਾਨੀਅਤ ਬਰਸੇ ਖਿਲਾਅ ਚੋਂ. ਕੌਣ ਓਦੋਂ,
ਮੇਰੇ ਸਿਰ ਤੇ ਇਹ ਛਤਰੀ ਤਾਰਿਆਂ ਦੀ ਤਾਣਦਾ ਹੈ..........

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਣਾ ਹੈ

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਣਾ ਹੈ
ਕੌਣ ਪਹਿਚਾਨੇਗਾ ਸਾਨੂੰ

ਮੱਥੇ ਉੱਤੇ ਮੌਤ ਦਸਖਤ ਕਰ ਗਈ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ
ਅੱਖਾਂ ਵਿੱਚ ਕੋਰੀ ਲਿਸ਼ਕ ਹੈ
ਕਿਸੇ ਢੱਠੇ ਘਰ ਦੀ ਛੱਤ ਹੈ
ਆਉਂਦੀ ਹੋਈ ਲੋਅ ਜਿਹੀ

ਡਰ ਜਾਏਗੀ ਮੇਰੀ ਮਾਂ
ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ
ਕਿਹੜੇ ਸਾਧੂ ਦਾ ਸਰਾਪ
ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ
ਹੁਣ ਘਰਾਂ ਨੂੰ ਪਰਤਣਾ ਚੰਗਾ ਨਹੀ ਹੈ

ਏਨੇ ਡੱਬ ਚੁੱਕੇ ਨੇ ਸੂਰਜ
ਏਨੇ ਮਰ ਚੁੱਕੇ ਖੁਦਾ
ਜਿਉਂਦੀ ਮਾਂ ਨੂੰ ਵੇਖ ਕੇ
ਆਪਣੇ ਜਾਂ ੳਸ ਦੇ
ਪਰੇਤ ਹੋਵਣ ਦਾ ਹੋਏਗਾ ਤੌਖਲਾ

ਜਦ ਕੋਈ ਬੇਲੀ ਪੁਰਾਣਾ ਮਿਲੇਗਾ
ਬਹੁਤ ਯਾਦ ਆਵੇਗਾ ਆਪਣੇ ਅੰਦਰੋਂ
ਚਿਰਾਂ ਦਾ ਮਰ ਚੁੱਕਾ ਮੋਹ
ਰੋਣ ਆਵੇਗਾ ਤਾਂ ਫਿਰ ਆਵੇਗਾ ਯਾਰ
ਅੱਥਰੂ ਤਾਂ ਮੇਰੇ ਦੂਜੇ ਕੋਟ ਦੀ ਜੇਬੀ 'ਚ ਰੱਖੇ ਰਹਿ ਗਏ

ਜਦੋਂ ਚਾਚੀ ਇਸਰੀ
ਸਿਰ ਪਲੋਸੇਗੀ ਅਸੀਸਾਂ ਨਾਲ
ਕਿਸ ਤਰਾਂ ਦੱਸਾਂਗਾ ਮੈਂ
ਏਸ ਸਿਰ ਵਿੱਚ ਕਿਸ ਤਰਾਂ ਦੇ ਛੁੱਪੇ ਹੋਏ ਨੇ ਖਿਆਲ

ਆਪਣੀ ਹੀ ਲਾਸ਼ ਢੋਂਦਾ ਆਦਮੀ
ਪਤੀ ਦੇ ਸਜਰੇ ਸਿਵੇ ਤੇ ਮਾਸ ਰਿੰਨਦੀ ਰੰਨ
ਕਿਸੇ ਹੈਮਲਤ ਦੀ ਮਾਂ
ਸਰਦੀਆਂ ਵਿੱਚ ਬੰਦਿਆ ਦੇ ਸਿਵੇ ਸੇਕਣ ਵਾਲਾ ਰੱਬ
ਜਿਨਾਂ ਅੱਖਾਂ ਨਾਲ ਦੇਖੇ ਨੇ ਦੁਖਾਂਤ
ਕਿਸ ਤਰਾਂ ਮੇਲਾਂਗਾ ਅੱਖਾਂ
ਆਪਣੇ ਬਚਪਨ ਦੀ ਮੈਂ ਤਸਵੀਰ ਨਾਲ
ਆਪਣੇ ਨਿੱਕੇ ਘਰ ਨਾਲ

ਸ਼ਾਮ ਨੂੰ ਜਦ ਮੜੀ ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ
ਉਹ ਕਿ ਜਿਹਣਾ ਮਰ ਗਿਆ ਹੈ
ਉਹ ਕਿ ਜਿਸ ਦੀ ਮੌਤ ਦਾ
ਇਸ ਭਰੀ ਨਗਰੀ 'ਚ ਬਸ ਮੈਨੂੰ ਪਤਾ ਹੈ

ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ
ਬਹੁਤ ਰਹਿ ਜਾਵਾਂਗਾ ਕੱਲਾ
ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ
ਹੁਣ ਘਰਾਂ 'ਚ ਵੱਸਣਾ ਸੌਖਾ ਨਹੀਂ ਹੈ
ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ
ਸ਼ੀਸ਼ੇ ਵਿਚੋਂ ਹੋਰ ਕੋਈ ਝਾਂਕਦਾ ਹੈ

ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ ,

ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ ,
ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ |

ਆਏ ਸਭ ਲਿਸ਼ਕਣ ਅਤੇ ਗਰਜਣ ਲਈ ,
ਕੋਈ ਏਥੇ ਆਇਆ ਨਾ ਬਰਸਣ ਲਈ |

ਨੰਗੀਆਂ ਸ਼ਾਖਾਂ ਨੂੰ ਮੇਰੇ ਮਾਲਕਾ ,
ਦੇ ਦੇ ਦੋ ਤਿੰਨ ਪੱਤੀਆਂ ਪਹਿਨਣ ਲਈ |

ਕੀ ਹੈ ਤੇਰਾ ਸ਼ਹਿਰ ਏਥੇ ਫੁੱਲ ਵੀ ,
ਮੰਗਦੇ ਨੇ ਆਗਿਆ ਮਹਿਕਣ ਲਈ |

ਅੰਬ ਦੇ ਪੱਤੇ ਤੇ ਨਾ ਫ਼ਾਨੂਸ ਹੀ ,
ਸਿਰ ਤੇ ਬਸ ਇਕ ਤੇਗ ਹੈ ਲਟਕਣ ਲਈ |

ਚੰਦ ਨਾ ਸੂਰਜ ਨਾ ਤਾਰੇ ਨਾ ਚਿਰਾਗ਼ ,
ਸਿਰਫ਼ ਖ਼ੰਜਰ ਰਹਿ ਗਿਆ ਲਿਸ਼ਕਣ ਲਈ |

ਕਿਉਂ ਜਗਾਵਾਂ ਸੁੱਤਿਆਂ ਲਫ਼ਜਾਂ ਨੂੰ ਮੈਂ ,
ਦਿਲ ਚ ਹੀ ਜਦ ਕੁਝ ਨਹੀਂ ਆਖਣ ਲਈ |

ਤੇਰਾ ਇਕ ਹੰਝੂ ਹੀ ਯਾਰਾ ਬਹੁਤ ਹੈ ,
ਮੇਰੇ ਦਿਲ ਦਰਿਆ ਦੇ ਭਰ ਉਛਲਣ ਲਈ |

ਰੁੱਸ ਕੇ ਜਾਂਦੇ ਸੱਜਣ ਦੀ ਸ਼ਾਨ ਵੱਲ ,
ਅੱਖੀਉਂ , ਦਿਲ ਚਾਹੀਦਾ ਦੇਖਣ ਲਈ |

ਸਾਂਭ ਕੇ ਰੱਖ ਦਰਦ ਦੀ ਇਸ ਲਾਟ ਨੂੰ ,
ਚੇਤਿਆਂ ਵਿਚ ਯਾਰ ਨੂੰ ਦੇਖਣ ਲਈ |

ਹਾਸਿਆਂ ਪਿੱਛੇ ਲੁਕੇ ਰਹਿਣਾ ਤੁਸੀਂ ,
ਹੰਝੂਓ , ਉਸਦੇ ਸਿਤਮ ਦੇਖਣ ਲਈ |

ਹੋਸ਼ ਕਰ ਕੁਝ ਮੇਰੇ ਦਿਲ ਦੀਏ ਅਗਨੀਏ ,
ਜੁਗਨੂੰਆਂ ਪਿੱਛੇ ਫਿਰੇਂ ਚਾਨਣ ਲਈ |

ਬਰਸ ਕੇ ਬਾਹਰ ਮੈਂ ਘਰ ਨੂੰ ਜਾ ਰਿਹਾ ,
ਇਕ ਡਿਗਦੀ ਛੱਤ ਨੂੰ ਥੰਮਣ ਲਈ |

ਤਾਰਿਆਂ ਤੋਂ ਰੇਤ ਵੀ ਬਣਿਆਂ ਹਾਂ ਮੈਂ ,
ਤੈਨੂੰ ਹਰ ਇਕ ਕੋਣ ਤੋਂ ਦੇਖਣ ਲਈ |

ਉਸਦੀ ਅੱਗ ਵਿਚ ਸੁਲਗਣਾ ਸੀ ਲਾਜ਼ਮੀ ,
ਓਸ ਨੂੰ ਪੂਰੀ ਤਰ੍ਹਾਂ ਸਮਝਣ ਲਈ |

ਪੌਣ ਟੋਲੇ ਹੋਂਦ ਆਪਣੀ ਦਾ ਸਬੂਤ ,
ਬਣਿਆ ਰਹਿ ਪੱਤਿਆਂ ਜਿਹਾ ਕੰਬਣ ਲਈ |

ਮੈਨੂੰ ਕੱਲੇ ਨੂੰ ਕਿਤੇ ਟਰਕਣ ਲਈ ,
ਭਟਕਦੇ ਨਗ਼ਮੇ ਲਿਖੇ ਜਾਵਣ ਲਈ |

ਆਂਦਰਾਂ ਨੂੰ ਕੱਸ ਦੇ ਤਾਰਾਂ ਦੇ ਵਾਂਗ ,
ਸੱਖਣਾਪਨ ਬਖ਼ਸ਼ ਦੇ ਗੂੰਜਣ ਲਈ |

ਮੈਨੂੰ ਸਾਜ਼ ਆਪਣਾ ਬਣਾ ਲੈ ਜ਼ਿੰਦਗੀ ,
ਏਹੋ ਇਕ ਇਨਾਮ ਦੇ ਤੜਪਣ ਲਈ |

ਵਿਛੜਣਾ ਚਾਹੁੰਦਾ ਹਾਂ ਮੈਂ ਤੇਰੇ ਤੋਂ ਹੁਣ ,
ਅਰਥ ਆਪਣੀ ਹੋਂਦ ਦੇ ਜਾਣਨ ਲਈ |

ਖੋਲ੍ਹਣਾ ਚਾਹੁੰਦਾ ਹਾਂ ਦਿਲ ਵਿਛੜਣ ਸਮੇਂ ,
ਇਕ ਸਮੁੰਦਰ ਚਾਹੀਦਾ ਅਸਤਣ ਲਈ |

ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ ,


ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ ,
ਐਸੀਆਂ ਨੀਂਦਾਂ ਤੋਂ ਮੌਤਾਂ ਚੰਗੀਆਂ |

ਤੇਰੇ ਉਚੇ ਦਰ 'ਤੇ ਦੀਵੇ ਬਾਲ ਕੇ ,
ਤੇਰੀਆਂ ਖ਼ੈਰਾਂ ਹੀ ਰਾਤੀਂ ਮੰਗੀਆਂ |

ਲੰਘੀਆਂ ਹੋਈਆਂ ਗ਼ਮਾਂ ਦੀਆਂ ਪਲਟਣਾਂ ,
ਰਾਤ ਫਿਰ ਸੀਨੇ ਮੇਰੇ ਤੋਂ ਲੰਘੀਆਂ |

ਕੌਣ ਇਨ੍ਹਾਂ ਦੇ ਸਾਵੇ ਪਹਿਰਨ ਲੈ ਗਿਆ ,
ਕਰ ਗਿਆ ਸ਼ਾਖਾਂ ਨੂੰ ਨੰਗ ਮੁਨੰਗੀਆਂ |

ਰਾਤ ਉਹਨਾਂ ਮੂਰਤਾਂ ਤੋਂ ਡਰ ਗਿਆ ,
ਜੋ ਕਦੇ ਆਪੇ ਸੀ ਕੰਧੀ ਟੰਗੀਆਂ |

ਰਾਤ ਇਕ ਦਰਿਆ ਸੁਣਾਉਂਦਾ ਸੀ ਗ਼ਜ਼ਲ ,
ਉਸ ਦੀਆਂ ਲਹਿਰਾਂ ਸੀ ਸੂਰਜ-ਰੰਗੀਆਂ |

ਵਸਦੀਆਂ ਨੇ ਹੋਰ ਮਨ ਵਿਚ ਸੂਰਤਾਂ ,
ਮੂਰਤਾਂ ਤੂੰ ਹੋਰ ਘਰ ਵਿਚ ਟੰਗੀਆਂ |

ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ

ਲੱਗਾ ਹੋਣ ਦੇਖੋ ਸੂਰਜ ਅਸਤ ਲੋਕੋ
ਕਰ ਲਉ ਰੌਸ਼ਨੀ ਬੰਦੋਬਸਤ ਲੋਕੋ

ਸਾਡੀ ਜੂਨ ਓਹੀ, ਲੰਘ ਗਏ ਏਥੋਂ
ਕਿੰਨੇ ਜਨਵਰੀ ਅਤੇ ਅਗਸਤ ਲੋਕੋ

ਜੀਉਂਦੇ ਲੋਕ ਵੀ ਹੁਣ ਤਾਂ ਪਥਰਾਉਣ ਲੱਗੇ
ਲਉ ਮੁਬਾਰਕਾਂ ਬੁੱਤ-ਪਰਸਤ ਲੋਕੋ

ਓਧਰ ਚੰਦ ਸੂਰਜ ਨਰਦਾਂ ਬਣਨ ਲੱਗੇ
ਨਿੱਕੀ ਜਿਹੀ ਸ਼ਤਰੰਜ ਵਿਚ ਮਸਤ ਲੋਕੋ

ਕੋਈ ਸਤਰ ਲਿਖਿਓ ਸਾਡੇ ਵਾਸਤੇ ਵੀ
ਐ ਪਰਚੰਡ ਕਵੀਓ ਸਿੱਧ-ਹਸਤ ਲੋਕੋ

ਕੋਈ ਪੰਧ ਲੱਭੋ. ਕੋਈ ਪੈਰ ਪੁੱਟੋ
ਉੱ ਠੋ ਡਿੱਗਿਓ ਢੱਠਿਓ ਪਸਤ ਲੋਲੋ

ਬਣੋ ਵਾਕ ਸੱਚੇ, ਬਣੋ ਸਾਕ ਸੱਚੇ
ਲਫਜ਼ੋਂ ਬਿਖਰਿਓ ਤੇ ਅਸਤ ਵਿਅਸਤ ਲੋਕੋ.....

ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ


ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ
ਬੰਦੇ ਨੂੰ ਬਿਹਬਲ ਕਰਦੀਆਂ ਪਾਗ਼ਲ ਬਣਾਉਂਦੀਆਂ

ਫ਼ਾਨੂਸ ਨੇ,ਇਹ ਸ਼ਮਅ ਹੈ , ਅਹੁ ਜੋਤ ਹੈ,ਇਹ ਲਾਟ
ਤੇ ਦੂਰ ਕਿਧਰੇ ਮਾਵਾਂ ਨੇ ਦੀਵੇ ਜਗਾਉਂਦੀਆਂ

ਲੂਣਾ ਅਗਨ,ਸੁੰਦਰਾਂ ਨਦੀ ਤੇ ਧਰਤ ਇੱਛਰਾਂ
ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ

ਦਰਬਾਰ ਏਧਰ ਯਾਰ ਓਧਰ ਜਾਨ ਅਹੁ ਈਮਾਨ
ਕਈ ਵਾਰ ਜਿੰਦਾਂ ਏਸ ਚੌਰਾਹੇ 'ਤੇ ਆਉਂਦੀਆਂ

ਬੇਚੈਨੀਆਂ,ਗ਼ਮਗੀਨੀਆਂ,ਸੋਚਾਂ ਦੀ ਕੈਦ 'ਚੋਂ
ਸ਼ਾਇਰ ਨੂੰ ਅੰਤ ਉਸਦੀਆਂ ਨਜ਼ਮਾਂ ਛੁਡਾਉਂਦੀਆਂ

ਪੱਤਿਆਂ ਦੀ ਪੈਰਾਂ ਵਿਚ ਨਾ ਜੇ ਪਾਜ਼ੇਬ ਪਾਉਂਦੀਆਂ
ਪਤਝੜ ਦਾ ਬੋਝ ਕਿਸ ਤਰ੍ਹਾਂ ਪੌਣਾਂ ਉਠਾਉਂਦੀਆਂ

ਹੁੰਦੇ ਨਾ ਪੱਤੇ ਰੁੱਖਾਂ ਦੇ ਜੇ ਕਰ ਸੁਰਾਂ ਜਿਹੇ
ਪੌਣਾਂ ਉਦਾਸ ਸਾਜ਼ ਫਿਰ ਕਿਹੜਾ ਵਜਾਉਂਦੀਆਂ

ਡੁਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ
ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ |

ਇਕ ਖਾਬ ਦੇ ਤੇ ਕਿਤਾਬ ਦੇ

ਇਕ ਖਾਬ ਦੇ ਤੇ ਕਿਤਾਬ ਦੇ ਇਕ ਇੰਤਜ਼ਾਰ ਦੇ
ਤੇ ਫੇਰ ਭਾਵੇਂ ਉਮਰ ਭਰ ਕਿਧਰੇ ਖਲਾਰ ਦੇ

ਸ਼ੀਸ਼ਾ ਨ ਬਣ ਦਿਖਾ ਨ ਬੱਸ ਚਿਹਰੇ ਦੀ ਧੂੜ ਹੀ
ਤੂੰ ਨੀਰ ਬਣ ਤੇ ਧੂੜ ਵੀ ਮੁਖ ਤੋਂ ਉਤਾਰ ਦੇ

ਸ਼ੀਸ਼ੇ ਤੋਂ ਦੌੜ ਕੇ ਹੀ ਤਾਂ ਆਏ ਹਾਂ ਤੇਰੇ ਕੋਲ
ਕੋਈ ਖਾਬ ਦੇ, ਦੁਆ ਦੇ, ਦਿਲਾਸਾ ਦੇ, ਪਿਆਰ ਦੇ

ਇਹ ਤੇਗ ਪਾਸੇ ਰੱਖ ਦੇ ਜੇ ਮੈਨੂੰ ਮਾਰਨਾ
ਸੀਨੇ ਚ ਕੋਈ ਸ਼ਬਦ ਕੋਈ ਸੁਰ ਉਤਾਰ ਦੇ

ਇਕ ਹੋਰ ਰਾਤ ਟਾਲ ਦੇ ਦੁਖਦਾਈ ਫੈਸਲੇ
ਇਹ ਮਨ ਦੇ ਕੱਜਣ ਰਹਿਣ ਦੇ, ਤਨ ਦੇ ਉਤਾਰ ਦੇ................

ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ |

ਮੇਰੇ ਮਨ ਵਿਚ ਖੌਫ਼ ਬਹੁਤ ਨੇ, ਥੋੜ੍ਹੀ ਥੋੜ੍ਹੀ ਆਸ ਵੀ ਹੈ |
ਕਾਲੀ ਰਾਤ ਹੈ ਪਰ ਇਕ ਨਿੰਮ੍ਹੇ ਦੀਵੇ ਦੀ ਧਰਵਾਸ ਵੀ ਹੈ |

ਮੇਰੀ ਕਵਿਤਾ ਮੇਰੇ ਮਨ ਦੇ ਹਰ ਮੌਸਮ ਦੀ ਵਿਥਿਆ ਹੈ |
ਬਹੁਤਾ ਮੇਰਾ, ਥੋੜ੍ਹਾ ਥੋੜ੍ਹਾ ਸਮਿਆਂ ਦਾ ਇਤਿਹਾਸ ਵੀ ਹੈ |

ਪਾਜ਼ੇਬਾਂ ਤੋਂ ਬੇੜੀਆਂ ਤਕ ਹਰ ਸਾਜ਼ ਤੋਂ ਕਵਿਤਾ ਵਾਕਿਫ਼ ਹੈ |
ਬੂਹੇ ਬੂਹੇ ਤੇ ਛਣਕਾ ਕੇ ਲੰਘਣ ਦਾ ਅਭਿਆਸ ਵੀ ਹੈ |

ਮੇਰੇ ਮਨ ਵਿਚ ਸਾਜ਼ ਹਜ਼ਾਰਾਂ ਅਪਣਾ ਅਪਣਾ ਰਾਗ ਵਜਾਉਣ,
ਸ਼ੋਰ ਜਿਹਾ ਇਕ ਦਿਨ ਸਾਜ਼ੀਨਾ ਬਣਜਾਊ ਇਹ ਆਸ ਵੀ ਹੈ |

ਹਉਮੈ, ਮਮਤਾ , ਖੌਫ਼ , ਦੁਚਿੱਤੀ ਚਾਰੇ ਪਾਸੇ ਕੰਧਾਂ ਨੇ ,
ਐ ਮਨ ਟੋਲ ਕੋਈ ਦਰਵਾਜ਼ਾ ਹੋਣਾ ਬੰਦ-ਖਲਾਸ ਵੀ ਹੈ |

ਲਹੂ ਲੁਹਾਣ ਹਾਂ ਮੈਂਨੂੰ ਸੰਭਾਲਣਾ ਸ਼ਬਦੋ |

ਲਹੂ ਲੁਹਾਣ ਹਾਂ ਮੈਂਨੂੰ ਸੰਭਾਲਣਾ ਸ਼ਬਦੋ |
ਨਹੀਂ ਹੈ ਕੋਲ ਕੋਈ ਅੱਜ ਉਠਾਲਣਾ ਸ਼ਬਦੋ |

ਮੇਰੇ 'ਤੇ ਡਿਗਿਆ ਏ ਮੇਰੇ ਹੀ ਖ਼ਾਬ ਦਾ ਮਲਬਾ ,
ਸਿਸਕ ਰਿਹਾ ਹਾਂ ਮੈਂ ਹੇਠੋਂ ਨਿਕਾਲਣਾ ਸ਼ਬਦੋ |

ਸਬਰ , ਖਿਮਾ ਤੇ ਭਲਕ , ਹੌਂਸਲਾ ਸਚਾਈ ਤੇ ਆਸ ,
ਹਰੇਕ ਦੀਪ ਮੇਰੇ ਮਨ 'ਚ ਬਾਲਣਾ ਸ਼ਬਦੋ |

ਵਿਦਾ ਦਾ ਵਕਤ,ਬੜੀ ਦੂਰ ਘਰ,ਉਤਰਦੀ ਰਾਤ ,
ਵਿਰਾਨ ਰਾਹਾਂ 'ਤੇ ਮੈਨੂੰ ਸੰਭਾਲਣਾ ਸ਼ਬਦੋ |

ਜਦੋਂ ਉਹ ਦੂਰ ਮੇਰਾ ਚੰਨ ਗਿਆ ਤਾਂ ਜਗਣਾ ਤੁਸੀਂ ,
ਅਖ਼ੀਰੀ ਰਾਤ 'ਚ ਰਸਤਾ ਦਿਖਾਲਣਾ ਸ਼ਬਦੋ |

ਉਦਾਸ ਹੋਂਦ 'ਚ ਟਿੰਡਾਂ ਦੇ ਵਾਂਗ ਗਿੜਦੇ ਰਿਹੇ ,
ਮੈਂ ਆਪਣੇ ਸੀਨੇ 'ਚੋਂ ਅੱਜ ਦੁਖ ਨਿਕਾਲਣਾ ਸ਼ਬਦੋ |

ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ

ਦੇਖ ਦੌੜੀ ਜਾ ਰਹੀ ਖਲਕਤ ਨੂੰ ਦੇਖ
ਦੇਖ ਤੂੰ ਇਸ ਵਕਤ ਦੀ ਦਹਿਸ਼ਤ ਨੂੰ ਦੇਖ

ਰੁਕ ਜ਼ਰਾ ਇਕ ਰੁੱਖ ਨੇ ਮੈਨੂੰ ਆਖਿਆ
ਅਪਣੇ ਵਿਛੜੇ ਯਾਰ ਦੀ ਹਾਲਤ ਨੂੰ ਦੇਖ

ਬੀਜੀਆ ਇਕ ਬੀਜ ਸੈਆਂ ਹੋ ਗਏ
ਦੇਖ ਤੂੰ ਧਰਤੀ ਦੀ ਇਸ ਬਰਕਤ ਨੁੰ ਦੇਖ

ਇਕ ਸਤਰ ਬੋਲੀ ਤੇ ਸਭ ਵਿੰਨੇ ਗਏ
ਦੇਖ ਤੂੰ ਇਸ ਸਾਂਝ, ਇਸ ਸੰਗਤ ਨੂੰ ਦੇਖ

ਭਾਫ ਬਣ ਉਡਿਆ ਸਮੁੰਦਰ ਥਲ ਲਈ
ਦੇਖ ਇਸ ਮਿਲਣੀ ਨੂੰ ਇਸ ਹਿਜ਼ਰਤ ਨੂੰ ਦੇਖ

ਮੋੜ ਦੇਵੇ ਜਿੰਦਗੀ ਦੇ ਵਹਿਣ ਨੁੰ
ਦੇਖ ਤੁੰ ਇਕ ਵਾਕ ਦੀ ਤਾਕਤ ਨੂੰ ਵੇਖ

ਬੀਜ ਕਾਲਾ ਸੀ ਤੇ ਸੂਹੇ ਫੁੱਲ ਹਨ
ਦੇਖ ਤੂੰ ਮਿੱਟੀ ਦੀ ਇਸ ਰੰਗਤ ਨੁੰ ਦੇਖ

ਦੁਖੀਆਂ ਲਈ ਇਕ ਹੰਝੂ ਵੀ ਇਹਨਾਂ ਕੋਲ ਨਾ
ਤੂੰ ਵਿਚਾਰੇ ਸ਼ਾਹਾਂ ਦੀ ਗੁਰਬਤ ਨੂੰ ਦੇਖ

ਰਹਿਣ ਦੇ ਕਾਦਰ ਨੂੰ ਜੋ ਦਿਸਦਾ ਨਹੀਂ
ਹੈ ਬਹੁਤ ਏਨਾ ਕਿ ਤੂੰ ਕੁਦਰਤ ਨੂੰ ਦੇਖ...........

ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ

ਹੁਣ ਵਕਤ ਚਾਲ ਐਸੀ ਕੋਈ ਹੋਰ ਚਲ ਗਿਆ ਹੈ |
ਮੇਰੀ ਨਜ਼ਮ ਤੋਂ ਗ਼ਜ਼ਲ ਤੋਂ ਅੱਗੇ ਨਿਕਲ ਗਿਆ ਹੈ |

ਸਭ ਲੋਕ ਚੁੱਕੀ ਫਿਰਦੇ ਹੁਣ ਆਪਣੇ ਆਪਣੇ ਲਾਂਬੂ ,
ਉਹ ਤੇਰੀ ਰੌਸ਼ਨੀ ਦਾ ਸੂਰਜ ਹੀ ਢਲ ਗਿਆ ਹੈ |

ਮੇਰੀ ਗੱਲ ਹੁਣ ਸੁਣੇਗਾ , ਕੋਈ ਉਗਦਾ ਬੀਜ ਸ਼ਾਇਦ ,
ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ 'ਚ ਰਲ ਗਿਆ ਹੈ |

ਉਂਜ ਤੇਰੇ ਕੋਲ ਪਾਤਰ ਹੁਣ ਕਹਿਣ ਨੂੰ ਵੀ ਕੀ ਹੈ ,
ਇਕ ਖ਼ਾਬ ਸੀ ਨਾ , ਉਹ ਵੀ ਹੰਝੂ 'ਚ ਢਲ ਗਿਆ ਹੈ |

ਕਿੱਥੇ ਨੇ ਤੇਰੇ ਨੈਣੀਂ ਉਹ ਸੰਦਲੀ ਸਵੇਰੇ ,
ਕਿੱਥੇ ਉਹ ਤੇਰੇ ਦਿਲ ਦਾ ਖਿੜਿਆ ਕੰਵਲ ਗਿਆ ਹੈ |

ਬੀਤੇ ਸਮੇਂ ਦੀ ਮੂਰਤ ਬਣ ਲਟਕ ਜਾ ਖ਼ਿਲਾਅ ਵਿਚ ,
ਪੈਰੋਂ ਜ਼ਮੀਨ ਹੱਥੋਂ ਵੇਲਾ ਨਿਕਲ ਗਿਆ ਹੈ |

ਮੁਜਰਿਮ ਹੀ ਬਹਿ ਗਿਆ ਹੈ , ਮੁਨਸਿਫ ਦੀ ਥਾਂ ਤੇ ਆ ਕੇ ,
ਇਨਸਾਫ ਦਾ ਤਰੀਕਾ ਕਿੰਨਾ ਬਦਲ ਗਿਆ ਹੈ |

ਕਿਵੇਂ ਲਿੱਖਾਂ ਮੈਂ

ਕਿਵੇਂ ਲਿੱਖਾਂ ਮੈਂ ਸਫੈਦ ਸਫਿਆਂ 'ਤੇ ਨਜ਼ਮ ਅਪਣੀ ਦੇ ਹਰਫ ਕਾਲੇ
ਸਫੈਦਪੋਸ਼ੋ ਇਹ ਮੇਰੇ ਕਿੱਸੇ ਨਹੀਂ ਤੁਹਾਨੂੰ ਸੁਣਾਉਣ ਵਾਲੇ

ਚਿਰਾਗ ਮੇਰੇ, ਜਿਨਾਂ 'ਚ ਮੇਰੀ ਹੀ ਰੱਤ ਸੜਦੀ ਤੇ ਸੁਆਸ ਬਲਦੇ
ਅਜੇ ਨੇ ਮੇਰੇ ਵਜੂਦ ਅੰਦਰ, ਜਗਣਗੇ ਬਾਹਰ, ਤੂੰ ਠਹਿਰ ਹਾਲੇ

ਇਹ ਪਹਿਲਾਂ ਤੜਪੇ ਸੀ ਸਾਗਰਾਂ ਵਿਚ ਤੇ ਫਿਰ ਹਵਾਵਾਂ 'ਚ ਭਾਫ ਬਣ ਕੇ
ਪਿਘਲ ਤੁਰੇ ਫੇਰ ਪਰਬਤਾਂ ਤੋਂ, ਇਹ ਨੀਰ ਕਿੱਧਰੇ ਨ ਟਿਕਣ ਵਾਲੇ

ਉਹ ਜਿਸ ਨੇ ਮੈਨੂੰ ਇਹ ਹੋਂਠ ਦਿੱਤੇ, ਉਸੇ ਨੇ ਬਖਸ਼ੇ ਇਹ ਨੀਰ ਨਿਰਮਲ
ਤੁਸੀਂ ਭਲਾ ਕੌਣ ਪਿਆਸ ਮੇਰੀ ਨੂੰ ਕੁਫਰ ਦਾ ਨਾਮ ਦੇਣ ਵਾਲੇ

ਲਹੂ ਚੋਂ ਬਾਲੇ ਤਾਂ ਆਪੇ ਲੋਕਾਂ ਨੇ ਸਾਂਭ ਲੈਣੇ ਨੇ ਸੀਨਿਆਂ ਵਿਚ
ਇਹ ਲਫਜ਼ ਤੇਰੇ ਚਿਰਾਗ ਜਗਦੇ, ਤੂੰ ਡਰ ਨ ਕਰ ਦੇ ਹਵਾ ਹਵਾਲੇ....

ਹਜ਼ਾਰਾਂ ਪਰਿੰਦੇ

ਹਜ਼ਾਰਾਂ ਪਰਿੰਦੇ
ਮੇਰੇ ਮਨ 'ਚ ਕੈਦੀ
ਸੁਣਾਂ ਰਾਤ ਦਿਨ ਮੈਂ
ਇਹ ਦਿੰਦੇ ਦੁਹਾਈ:

ਰਿਹਾਈ
ਰਿਹਾਈ...

ਅਸੀਂ ਭਾਵੇਂ ਜਾ ਕੇ
ਕਿਤੇ ਵਿੰਨ੍ਹ ਹੋਈਏ
ਵਗਣ ਸਾਡੀ ਕਾਇਆ 'ਚੋਂ
ਰੱਤ ਦੇ ਫੁਹਾਰੇ

ਅਸੀਂ ਭਾਵੇਂ ਜਾ ਕੇ
ਕਿਤੇ ਝੁਲਸ ਜਾਈਏ
ਜਲਣ ਸਾਡੇ ਖੰਭਾਂ ਦੇ
ਸਿਲਕੀ ਕਿਨਾਰੇ

ਤੂੰ ਬੱਸ ਜਾਣ ਦੇ ਹੁਣ
ਕਿਤੇ ਵੀ ਅਸਾਨੂੰ
ਤੇਰੀ ਕੈਦ ਨਾਲੋਂ
ਤਾਂ ਚੰਗੇ ਨੇ ਸਾਨੂੰ
ਸ਼ਿਕਾਰੀ ਅਤੇ ਮਾਸਖ਼ੋਰੇ ਕਸਾਈ

ਉਦੋਂ ਬਿਰਖ ਸੀ ਤੂੰ
ਜਦੋਂ ਉਤਰੇ ਸਾਂ
ਅਸੀਂ ਡਾਲੀਆਂ 'ਤੇ
ਉਦੋਂ ਤੂੰ ਕਿਹਾ ਸੀ:
ਉਡੋ ਅਰਸ਼ ਅੰਦਰ
ਜਦੋਂ ਥੱਕ ਜਾਓ
ਮੇਰੇ ਕੋਲ ਆਓ
ਜਦੋਂ ਅੱਕ ਜਾਓ
ਤਾਂ ਫਿਰ ਪੰਖ ਤੋਲੋ
ਹਵਾਵਾਂ 'ਚ ਖੰਭਾਂ ਨਾਂ ਖ਼ਤ ਲਿਖਦੇ ਜਾਓ

ਤੂੰ ਸਾਡੇ ਸਦਾ ਲਈ
ਉਡਣ ਕੋਲੋਂ ਡਰਦਾ
ਤੇ ਪੱਤਿਆਂ ਦੇ ਸੁੱਕਣ
ਝੜਨ ਕੋਲੋਂ ਡਰਦਾ
ਤੂੰ ਹੁਣ ਬਿਰਖ ਤੋਂ
ਪਿੰਜਰਾ ਹੋ ਗਿਆ ਏਂ

ਤੇ ਰੁੱਤਾਂ ਦੇ ਆਵਣ ਤੇ ਜਾਵਣ ਤੋਂ ਡਰਦਾ
ਤੂੰ ਆਪਣੇ ਹੀ ਮਨ ਦੇ ਦੁਆਰੇ 'ਤੇ ਜੜ੍ਹਿਆ
ਕਿਸੇ ਖ਼ੋਫ਼ ਦਾ ਜਿੰਦਰਾ ਹੋ ਗਿਆ ਏਂ

ਅਸੀਂ ਸ਼ਬਦ ਤੇਰੇ
ਅਸੀਂ ਬੋਲ ਤੇਰੇ
ਅਸੀਂ ਤੇਰੇ ਅੰਦਰ
ਪਏ ਮਰ ਰਹੇ ਹਾਂ
ਵਿਦਾ ਕਰ ਅਸਾਨੂੰ
ਅਤੇ ਪਿੰਜਰੇ ਤੋਂ
ਤੂੰ ਫਿਰ ਬਿਰਖ ਹੋ ਜਾ

ਫ਼ਿਜ਼ਾਵਾਂ 'ਚ ਗੂੰਜਣ ਦੇ
ਮੁਕਤੀ ਦੇ ਨਗ਼ਮੇ
ਅਸੀਂ ਸੁੰਨੇ ਆਕਾਸ਼ ਨੂੰ ਭਰ ਦਿਆਂਗੇ
ਅਸੀਂ ਏਸ ਮਾਤਮ ਜਿਹੀ ਚੁੱਪ ਤਾਂਈਂ
ਤਰਨੁੱਮ-ਤਰਨੁੱਮ ਜਿਹੀ ਕਰ ਦਿਆਂਗੇ..

ਤੂੰ ਕਿਉਂ ਅਪਣੇ ਰਸਤੇ 'ਚ
ਆਪੇ ਖੜਾ ਹੈਂ
ਤੂੰ ਕਿਉਂ ਚਿੱਤ ਖੋਲਣ ਤੋਂ
ਇਉਂ ਡਰ ਰਿਹਾ ਹੈਂ

ਤੂੰ ਅਲਾਪ ਲੈ
ਕਿ ਵਗਣ ਫੇਰ ਨਦੀਆਂ
ਤੂੰ ਅਲਾਪ ਲੈ
ਕਿ ਵਗਣ ਫੇਰ ਹਵਾਵਾਂ

ਤੂੰ ਫਿਰ ਘੋਲ ਲੈ
ਜਾਮ ਵਿਚ ਮੌਤ ਜੀਵਨ
ਤੂੰ ਫਿਰ ਠੱਗ ਲੈ
ਓਸ ਠੱਗਾਂ ਦੇ ਠੱਗ ਨੁੰ

ਤੇ ਇਉਂ ਪਿੰਜਰੇ ਤੋਂ
ਤੂੰ ਫਿਰ ਬਿਰਖ ਹੋ ਜਾ
ਤੇ ਸ਼ਾਖਾਂ ਦੇ ਵਾਂਗੂ--ਹਵਾਵਾਂ 'ਚ ਝੁਲਦਾ
ਖ਼ੁਸ਼ੀ ਤੇ ਉਦਾਸੀ 'ਚ
ਹੋ ਜਾ ਸ਼ੁਦਾਈ

ਰਿਹਾਈ
ਰਿਹਾਈ

ਹਜ਼ਾਰਾਂ ਪਰਿੰਦੇ
ਮੇਰੇ ਮਨ 'ਚ ਕੈਦੀ
ਸੁਣਾਂ ਰਾਤ ਦਿਨ ਮੈਂ
ਇਹ ਦਿੰਦੇ ਦੁਹਾਈ:

ਰਿਹਾਈ
ਰਿਹਾਈ...

ਬੂਹੇ ਦੀ ਦਸਤਕ ਤੋਂ ਡਰਦਾ

ਬੂਹੇ ਦੀ ਦਸਤਕ ਤੋਂ ਡਰਦਾ
ਕਿਸ ਕਿਸ ਦਾ ਕਰਜ਼ਾਈ ਹਾਂ ਮੈਂ

ਰੰਗੇ ਹੱਥ ਲੁਕਾਉਂਦਾ ਫਿਰਦਾ
ਕਾਤਲ ਕਿਦ੍ਹਾ ਕਸਾਈ ਹਾਂ ਮੈਂ

ਆਪਣੇ ਆਪ ਨੂੰ ਬੰਨ੍ਹ ਕੇ ਬੈਠਾ
ਸੰਗਲ ਮਾਰ ਸ਼ੁਦਾਈ ਹਾਂ ਮੈਂ

ਬਾਹਰੋਂ ਚੁਪ ਹਾਂ ਕਬਰਾਂ ਵਾਂਗੂੰ
ਅੰਦਰ ਹਾਲ ਦੁਹਾਈ ਹਾਂ ਮੈਂ

ਤਰਜ਼ਾਂ ਦੀ ਥਾਂ ਧੂੰਆਂ ਨਿਕਲੇ
ਇਕ ਧੁਖਦੀ ਸ਼ਹਿਨਾਈ ਹਾਂ ਮੈਂ

ਮੈਂ ਪਿਤਰਾਂ ਦਾ ਸੱਖਣਾ ਵਿਹੜਾ
ਉਜੜੀ ਹੋਈ ਕਮਾਈ ਹਾਂ ਮੈਂ

ਮਿੱਟੀ ਮਾਂ ਮਹਿਬੂਬਾ ਮੁਰਸ਼ਦ
ਕਿਸ ਕਿਸ ਦਾ ਕਰਜ਼ਾਈ ਹਾਂ ਮੈਂ

ਤੁੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ

ਤੁੰ ਮੇਰੇ ਦਰਖਤਾਂ 'ਤੇ ਵਸਦੀ ਘਟਾ ਹੈਂ
ਤੂੰ ਸਦੀਆਂ ਦੀ ਮੇਰੀ ਤਪਿਸ਼ ਦਾ ਸਿਲਾ ਹੈਂ

ਜਿਦੇ ਸਦਕਾ ਮੰਨਦਾਂ ਖੁਦਾਈ ਦਾ ਦਾਅਵਾ
ਮੇਰੀ ਜ਼ਿੰਦਗੀ 'ਚ ਤੂੰ ਉਹ ਮੁਅਜਜ਼ਾ ਹੈਂ

ਮੇਰੇ ਬਿਆਬਾਨਾਂ ਦੇ ਵਿਚ ਆਣ ਲੱਥਾ
ਤੂੰ ਫੁੱਲਾਂ ਦਾ ਕੋਈ ਜਿਵੇਂ ਕਾਫਿਲਾ ਹੈਂ

ਤੇਰੇ ਸੀਨੇ ਲੱਗ ਕੇ ਮੈਂ ਖੁਦ ਨਜ਼ਮ ਹੋਜਾਂ
ਮੈਂ ਕੈਸੀ ਇਬਾਰਤ ਤੂੰ ਕੈਸਾ ਸਫਾ ਹੈਂ

ਮੇਰੀ ਨੀਂਦ ਟੁੱਟੇ ਤਾਂ ਦੱਸਦੇ ਨੇ ਤਾਰੇ
ਕਿਤੇ ਦੂਰ ਤੂੰ ਵੀ ਅਜੇ ਜਾਗਦਾ ਹੈਂ

ਕਦੀ ਇਸ ਤਰਾਂ ਮੇਰੇ ਲੱਗ ਜਾ ਕਲੇਜੇ
ਮੈਂ ਸਭ ਮਮਝ ਜਾਵਾਂ ਤੂੰ ਕੀ ਸੋਚਦਾ ਹੈਂ..

ਨ ਮੈਨੂੰ ਛੱਡ ਕੇ ਕੇ ਜਾਵੀਂ ਕਦੀ ਤੂੰ

ਨ ਮੈਨੂੰ ਛੱਡ ਕੇ ਕੇ ਜਾਵੀਂ ਕਦੀ ਤੂੰ
ਮੈਂ ਤੈਨੂੰ ਜਾਨ ਵਾਂਗੂ ਰੱਖਣਾ ਹੈ
ਪਤਾ ਹੁੰਦਾ ਜਦੋਂ ਇਹ ਆਖਦੇ ਹਾਂ
ਕਿ ਲਫਜ਼ਾਂ ਵਿਚ ਕਿਸੇ ਕਦ ਬੱਝਣਾ ਹੈ

ਉਦਾਸੀ ਤੇਰੇ ਵਾਅਦੇ ਸੁਣ ਰਹੀ ਹੈ
ਤੇ ਫਿਰ ਵੀ ਮੇਰੀ ਖਾਤਰ ਬੁਣ ਰਹੀ ਹੈ
ਕੁਝ ਐਸਾ ਜੋ ਮੈਂ ਉਸ ਦਿਨ ਪਹਿਨਣਾ ਹੈ
ਜਦੋਂ ਓੜਕ ਦਾ ਠੱਕਾ ਝੁੱਲਣਾ ਹੈ

ਤ੍ਰਭਕ ਉੱਠਦਾ ਹਾਮ ਮੈਂ ਉਹ ਵਾਕ ਸੁਣ ਕੇ
ਜੁ ਹਾਲੇ ਤੇਰੇ ਦਿਲ ਵਿਚ ਬਣ ਰਿਹਾ ਹੈ
ਤੇ ਤੈਨੁੰ ਖੁਦ ਨਹੀਂ ਮਾਲੂਮ ਕਿ ਤੂੰ
ਕਿਸੇ ਦਿਨ ਅਪਣੇ ਮੂੰਹੋਂ ਕੱਢਣਾ ਹੈ

ਮੈਂ ਉਸਦੇ ਜ਼ਖਮ ਖਾਤਰ ਮਨ ਹੀ ਮਨ ਵਿਚ
ਸਦਾ ਮਹਿਫੂਜ ਰੱਖੀ ਥਾਂ ਬਦਨ ਵਿਚ
ਉਹ ਜਿਹੜਾ ਤੀਰ ਗੈਬੋਂ ਚੱਲਣਾ ਹੈ
ਤੇ ਮੇਰੇ ਦਿਲ 'ਚ ਆ ਕੇ ਲੱਗਣਾ ਹੈ

ਹਮੇਸ਼ਾ ਪਾਸ ਤੈਨੂੰ ਲੋਚਦਾ ਹਾਂ
ਤਿੜਕ ਜਾਨਾਂ ਜਦੋਂ ਪਰ ਸੋਚਦਾ ਹਾਂ
ਰਗਾਂ ਦੇ ਪਿੰਜਰੇ ਵਿਚ ਕਿਉਂ ਕਿਸੇ ਨੂੰ
ਭਲਾ ਮੈਂ ਕੈਦ ਕਰ ਕੇ ਰੱਖਣਾ ਹੈ

ਰਹੇ ਹਾਂ ਉਮਰ ਭਰ ਇਕ ਜਾਨ ਦੋਵੇਂ
ਅਖੀਰੀ ਵਕਤ ਇਹ ਮੰਜ਼ਰ ਹੈ ਕੈਸਾ
ਕਿ ਤੂੰ ਪਰਵਾਜ਼ ਭਰਨੀ ਅੰਬਰਾਂ ਦੀ
ਤੇ ਮੈਂ ਏਥੇ ਹੀ ਟੁੱਟ ਕੇ ਡਿੱਗਣਾ ਹੈ.....

ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ

ਮੁਸ਼ਕਲ ਬਹੁਤ ਜੇ ਜਾਪਦਾ ਪੱਥਰ ਨੂੰ ਤੋੜਨਾ
ਤੋੜੋ ਬਹੁਤ ਆਸਾਨ ਹੈ 'ਪਾਤਰ' ਨੂੰ ਤੋੜਨਾ

ਤੋੜਨ ਤੁਰੇ ਤਾਂ ਕੁਝ ਤਾਂ ਸੀ ਆਖਰ ਨੂੰ ਤੋੜਨਾ
ਸੰਗਲ ਨਾ ਟੁੱਟੇ ਪੈ ਗਿਆ ਝਾਂਜਰ ਨੂੰ ਤੋੜਨਾ

ਏਸੇ ਲਈ ਖੁਦ ਟੁਕੜਿਆਂ ਵਿਚ ਟੁੱਟ ਗਿਆ ਹਾਂ ਮੈਂ
ਬੇਰਹਿਮ ਲਗਦਾ ਸੀ ਬਹੁਤ ਇਕ ਘਰ ਨੂੰ ਤੋੜਨਾ........

No comments:

Post a Comment