Monday, 29 September 2014

Kafia Baba Bullhe Shah (Part II)16-30

ਕਾਫੀਆ ਬਾਬਾ ਬੁੱਲ੍ਹੇ ਸਾਹ ਜੀ ਭਾਗ(ਦੂਜਾ)16-30

16. ਬੱਸ ਕਰ ਜੀ ਹੁਣ ਬੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ,
ਇਕ ਬਾਤ ਅਸਾਂ ਨਾਲ ਹੱਸ ਕਰ ਜੀ

ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ,
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵੱਲ ਜਾਸੋ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ

ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ, ਖਿੱਦੋ ਵਾਂਙ ਖੂੰਡੀ ਨਿੱਤ ਕੁੱਟਦੇ ਸੀ,
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਓ ਕੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ

ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ ਦੇ ਜਕੜੇ ਹੋ,
ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ

ਬੁੱਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
17. ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ
ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ

ਔਲੀਆਂ ਮਨਸੂਰ ਕਹਾਵੇ, ਰਮਜ਼ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ,ਤੇ ਕੋਲ ਖਲੋਕੇ ਹੱਸਦਾ ਨੀਂ, ਢੋਲਣ ਮਾਹੀ

ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ

18. ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ
ਪਿੜੀ ਪਿਛੇ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ,
ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥੋਂ ਤੰਦ ਤਰੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ

ਦਾਜ ਜਵਾਹਰ ਅਸਾਂ ਕੀ ਕਰਨਾ, ਜਿਸ ਪ੍ਰੇਮ ਕਟਵਾਈ ਮੁੱਠੀ,
ਓਹੋ ਚੋਰ ਮੇਰਾ ਪਕੜ ਮੰਗਾਓ, ਜਿਸ ਮੇਰੀ ਜਿੰਦ ਕੁੱਠੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ

ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਾਬੋਂ ਛੁੱਟੀ,
ਬੁੱਲ੍ਹਾ ਸ਼ੌਹ ਨੇ ਨਾਚ ਨਚਾਏ, ਓਥੇ ਧੁੰਮ ਪਈ ਕੜ-ਕੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ

19. ਭਾਵੇਂ ਜਾਣ ਨਾ ਜਾਣ ਵੇ ਵਿਹੜੇ ਵੜ ਮੇਰੇ
ਭਾਵੇਂ ਜਾਣ ਨਾ ਜਾਣ ਵੇ ਵਿਹੜੇ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ ਵਿਹੜੇ ਵੜ ਮੇਰੇ

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਢੂੰਡਾਂ ਜੰਗਲ ਬੇਲਾ ਰੋਹੀ,
ਢੂੰਡਾਂ ਤਾਂ ਸਾਰਾ ਜਹਾਨ ਵੇ ਵਿਹੜੇ ਵੜ ਮੇਰੇ

ਲੋਕਾਂ ਦੇ ਭਾਣੇ ਚਾਕ ਮਹੀਂ ਦਾ ਰਾਂਝਾ ਤਾਂ ਲੋਕਾਂ ਵਿਚ ਕਹੀਂਦਾ,
ਸਾਡਾ ਤਾਂ ਦੀਨ ਈਮਾਨ ਵੇ ਵਿਹੜੇ ਵੜ ਮੇਰੇ

ਮਾਪੇ ਛੋੜ ਲੱਗੀ ਲੜ ਤੇਰੇ ਸ਼ਾਹ ਇਨਾਇਤ ਸਾਈਂ ਮੇਰੇ,
ਲਾਈਆਂ ਦੀ ਲੱਜ ਪਾਲ ਵੇ ਵਿਹੜੇ ਵੜ ਮੇਰੇ
ਮੈਂ ਤੇਰੇ ਕੁਰਬਾਨ ਵੇ ਵਿਹੜੇ ਵੜ ਮੇਰੇ

20. ਭਰਵਾਸਾ ਕੀ ਆਸ਼ਨਾਈ ਦਾ
ਭਰਵਾਸਾ ਕੀ ਆਸ਼ਨਾਈ ਦਾ
ਡਰ ਲਗਦਾ ਬੇ-ਪਰਵਾਹੀ ਦਾ

ਇਬਰਾਹੀਮ ਚਿਖਾ ਵਿਚ ਪਾਇਉ, ਸੁਲੇਮਾਨ ਨੂੰ ਭੱਠ ਝੁਕਾਇਉ,
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ ਮਿਸਰ ਵਿਕਾਈਦਾ
ਭਰਵਾਸਾ ਕੀ ਆਸ਼ਨਾਈ ਦਾ

ਜ਼ਿਕਰੀਆ ਸਿਰ ਕਲਵੱਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ,
ਸੁੰਨਆਂ ਗਲ ਜ਼ੱਨਾਰ ਪਵਾਇਉ,ਕਿਤੇ ਉਲਟਾ ਪੋਸ਼ ਲੁਹਾਈ ਦਾ
ਭਰਵਾਸਾ ਕੀ ਆਸ਼ਨਾਈ ਦਾ

ਪੈਗ਼ੰਬਰ ਤੇ ਨੂਰ ਉਪਾਇਉ, ਨਾਮ ਇਮਾਮ ਹੁਸੈਨ ਧਰਾਇਉ,
ਝੁਲਾ ਜਿਬਰਾਈਲ ਝੁਲਾਇਉ, ਫਿਰ ਪਿਆਸਾ ਗਲਾ ਕਟਾਈਦਾ
ਭਰਵਾਸਾ ਕੀ ਆਸ਼ਨਾਈ ਦਾ

ਜਾ ਜ਼ਕਰੀਆ ਰੁੱਖ ਛੁਪਾਇਆ, ਛਪਣਾਂ ਉਸ ਦਾ ਬੁਰਾ ਮਨਾਇਆ,
ਆਰਾ ਸਿਰ ਤੇ ਚਾ ਵਗਾਇਆ, ਸਣੇ ਰੁੱਖ ਚਰਾਈਦਾ
ਭਰਵਾਸਾ ਕੀ ਆਸ਼ਨਾਈ ਦਾ

ਯਹੀਹਾ ਉਸ ਦਾ ਯਾਰ ਕਹਾਇਆ, ਨਾਲ ਓਸੇ ਦੇ ਨੇਹੁੰ ਲਗਾਇਆ,
ਰਾਹ ਸ਼ਰ੍ਹਾ ਦਾ ਉੱਨ ਬਤਲਾਇਆ, ਸਿਰ ਉਸ ਦਾ ਥਾਲ ਕਟਾਈਦਾ
ਭਰਵਾਸਾ ਕੀ ਆਸ਼ਨਾਈ ਦਾ

ਬੁੱਲ੍ਹਾ ਸ਼ੌਹ ਹੁਣ ਅਸੀਂ ਸੰਞਾਤੇ ਹੈਂ, ਹਰ ਸੂਰਤ ਨਾਲ ਪਛਾਤੇ ਹੈਂ,
ਕਿਤੇ ਆਤੇ ਹੈਂ ਕਿਤੇ ਜਾਤੇ ਹੈਂ,ਹੁਣ ਮੈਥੋਂ ਭੁੱਲ ਨਾ ਜਾਈ ਦਾ
ਭਰਵਾਸਾ ਕੀ ਆਸ਼ਨਾਈ ਦਾ

21. ਬੁੱਲ੍ਹਾ ਕੀ ਜਾਣਾ ਮੈਂ ਕੌਣ
ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

ਅੱਵਲ ਆਖਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ
ਬੁੱਲ੍ਹਾ ਕੀ ਜਾਣਾ ਮੈਂ ਕੌਣ

22. ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ
ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ
ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ

ਰਾਂਝੇ ਨੂੰ ਮੈਂ ਗਾਲੀਆਂ ਦੇਵਾਂ, ਮਨ ਵਿਚ ਕਰਾਂ ਦੁਆਈਂ
ਮੈਂ ਤੇ ਰਾਂਝਾ ਇਕੋ ਕੋਈ, ਲੋਕਾਂ ਨੂੰ ਅਜ਼ਮਾਈਂ
ਜਿਸ ਬੇਲੇ ਵਿਚ ਬੇਲੀ ਦਿੱਸੇ,ਉਸ ਦੀਆਂ ਲਵਾਂ ਬਲਾਈਂ
ਬੁੱਲ੍ਹਾ ਸ਼ੌਹ ਨੂੰ ਪਾਸੇ ਛੱਡ ਕੇ, ਜੰਗਲ ਵੱਲ ਨਾ ਜਾਈਂ

ਬੁੱਲ੍ਹਾ ਕੀ ਜਾਣਾ ਜ਼ਾਤ ਇਸ਼ਕ ਦੀ ਕੌਣ
ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ

23. ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ
ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ
ਆਲ ਨਬੀ ਔਲਾਦ ਨਬੀ ਨੂੰ, ਤੂੰ ਕੀ ਲੀਕਾਂ ਲਾਈਆਂ
ਜਿਹੜਾ ਸਾਨੂੰ ਸਈਅਦ ਸੱਦੇ, ਦੋਜ਼ਖ ਮਿਲਣ ਸਜਾਈਆਂ
ਜੋ ਕੋਈ ਸਾਨੂੰ ਰਾਈਂ ਆਖੇ, ਬਹਿਸ਼ਤੀਂ ਪੀਂਘਾਂ ਪਾਈਆਂ
ਰਾਈਂ ਸਾਈਂ ਸਭਨੀ ਥਾਈਂ, ਰੱਬ ਦੀਆਂ ਬੇਪਰਵਾਹੀਆਂ
ਸੋਹਣੀਆਂ ਪਰ੍ਹੇ ਹਟਾਈਆਂ ਨੇ ਤੇ, ਕੋਝੀਆਂ ਲੈ ਗਲ ਲਾਈਆਂ
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਚਾਕਰ ਹੋ ਜਾ ਰਾਈਆਂ
ਬੁੱਲ੍ਹਾ ਸ਼ੌਹ ਦੀ ਜ਼ਾਤ ਕੀ ਪੁੱਛਨਾ ਏਂ, ਸ਼ੱਕਰ ਹੋ ਰਜਾਈਆਂ

24. ਚਲੋ ਦੇਖੀਏ ਉਸ ਮਸਤਾਨੜੇ ਨੂੰ
ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਧੁੰਮ
ਉਹ ਤੇ ਮੈਂ ਵਹਿਦਤ ਵਿਚ ਰੰਗਦਾ ,
ਨਹੀਂ ਪੁੱਛਦਾ ਜਾਤ ਦੇ ਕੀ ਹੋ ਤੁਮ

ਜੀਦ੍ਹਾ ਸ਼ੋਰ ਚੁਫੇਰੇ ਪੈਂਦਾ ,
ਉਹ ਕੋਲ ਤੇਰੇ ਨਿੱਤ ਰਹਿੰਦਾ ,
ਨਾਲੇ 'ਨਾਹਨ ਅਕਰਬ' ਕਹਿੰਦਾ ,
ਨਾਲੇ ਆਖੇ 'ਵਫ਼ੀ-ਅਨਫ਼ਸ-ਕੁਮ'

ਛੱਡ ਝੂਠ ਭਰਮ ਦੀ ਬਸਤੀ ਨੂੰ,
ਕਰ ਇਸ਼ਕ ਦੀ ਕਾਇਮ ਮਸਤੀ ਨੂੰ,
ਗਏ ਪਹੁੰਚ ਸਜਣ ਦੀ ਹਸਤੀ ਨੂੰ,
ਜਿਹੜੇ ਹੋ ਗਏ 'ਸੁਮ-ਬੁਕਮ-a'

ਨਾ ਤੇਰਾ ਨਾ ਮੇਰਾ ,
ਜੱਗ ਫਾਨੀ ਝਗੜਾ ਝੇੜਾ ,
ਬਿਨਾਂ ਮੁਰਸ਼ਦ ਰਹਿਬਰ ਕਿਹੜਾ ,
ਪੜ੍ਹ-'ਫਾਜ਼-ਰੂਨੀ-ਅਜ਼-ਕੁਰ-ਕੁਮ'

ਬੁੱਲ੍ਹੇ ਸ਼ਾਹ ਇਹ ਬਾਤ ਇਸ਼ਾਰੇ ਦੀ,
ਜਿਨ੍ਹਾ ਲੱਗ ਗਈ ਤਾਂਘ ਨਜ਼ਾਰੇ ਦੀ,
ਦੱਸ ਪੈਂਦੀ ਘਰ ਵਣਜਾਰੇ ਦੀ,
ਹੈ 'ਯਦਉੱਲ੍ਹਾ-ਫ਼ੌਕਾ ਅਯਦੀਕੁਮ'

ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਧੁੰਮ


25. ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ
ਸੱਚ ਸੁਣਦੇ ਲੋਕ ਨਾ ਸਹਿੰਦੇ ਨੀ, ਸੱਚ ਆਖੀਏ ਤਾਂ ਗਲ ਪੈਂਦੇ ਨੀ,
ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿੱਠਾ ਆਸ਼ਕ ਪਿਆਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਸੱਚ ਸ਼ਰ੍ਹਾ ਕਰੇ ਬਰਬਾਦੀ , ਸੱਚ ਆਸ਼ਕ ਦੇ ਘਰ ਸ਼ਾਦੀ ,
ਸੱਚ ਕਰਦਾ ਨਵੀਂ ਆਬਾਦੀ , ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਚੁੱਪ ਆਸ਼ਕ ਤੋਂ ਨਾ ਹੁੰਦੀ ,ਜਿਸ ਆਈ ਸੱਚ ਸੁਗੰਧੀ ,
ਜਿਸ ਮਾਲ੍ਹ ਸੁਹਾਗ ਦੀ ਗੁੰਦੀ , ਛੱਡ ਦੁਨੀਆਂ ਕੂੜ ਪਸਾਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਬੁੱਲ੍ਹਾ ਸ਼ੌਹ ਸੱਚ ਹੁਣ ਬੋਲੇ ਹੈਂ, ਸੱਚ ਸ਼ਰ੍ਹਾ ਤਰੀਕਤ ਫੋਲੇ ਹੈਂ,
ਗੱਲ ਚੌਥੇ ਪਦ ਦੀ ਖੋਲ੍ਹੇ ਹੈਂ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

26. ਢੋਲਾ ਆਦਮੀ ਬਣ ਆਇਆ
ਆਪੇ ਆਹੂ ਆਪੇ ਚੀਤਾ, ਆਪੇ ਮਾਰਨ ਧਾਇਆ,
ਆਪੇ ਸਾਹਿਬ ਆਪੇ ਬਰਦਾ, ਆਪੇ ਮੁੱਲ ਵਿਕਾਇਆ,
ਢੋਲਾ ਆਦਮੀ ਬਣ ਆਇਆ

ਕਦੀ ਹਾਥੀ ਤੇ ਅਸਵਾਰ ਹੋਇਆ, ਕਦੀ ਠੂਠਾ ਡਾਂਗ ਭੁਵਾਇਆ,
ਕਦੀ ਰਾਵਲ ਜੋਗੀ ਭੋਗੀ ਹੋ ਕੇ, ਸਾਂਗੀ ਸਾਂਗ ਬਣਾਇਆ,
ਢੋਲਾ ਆਦਮੀ ਬਣ ਆਇਆ

ਬਾਜ਼ੀਗਰ ਕਿਆ ਬਾਜ਼ੀ ਖੇਲੀ, ਮੈਨੂੰ ਪੁਤਲੀ ਵਾਂਗ ਨਚਾਇਆ,
ਮੈਂ ਉਸ ਪੜਤਾਲੀ ਨਚਣਾ ਹਾਂ, ਜਿਸ ਗਤ ਮਿਤ ਯਾਰ ਲਖਾਇਆ,
ਢੋਲਾ ਆਦਮੀ ਬਣ ਆਇਆ

ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ,
ਬੁੱਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ, ਦਾਦਾ ਗੋਦ ਖਿਡਾਇਆ,
ਢੋਲਾ ਆਦਮੀ ਬਣ ਆਇਆ

27. ਦਿਲ ਲੋਚੇ ਮਾਹੀ ਯਾਰ ਨੂੰ
ਇਕ ਹੱਸ ਹੱਸ ਗੱਲ ਕਰਦੀਆਂ, ਇਕ ਰੋਂਦੀਆਂ ਧੋਂਦੀਆਂ ਮਰਦੀਆਂ,
ਕਹੋ ਫੁੱਲੀ ਬਸੰਤ ਬਹਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਨ੍ਹਾਤੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ,
ਭਾਹ ਲਾਈਏ ਹਾਰ ਸ਼ਿੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਮੈਂ ਕਮਲੀ ਕੀਤੀ ਦੂਤੀਆਂ, ਦੁੱਖ ਘੇਰ ਚੁਫੇਰੋਂ ਲੀਤੀਆਂ,
ਘਰ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

ਬੁੱਲ੍ਹਾ ਸ਼ੌਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ ਲਾਇਆ,
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ

28. ਇਹ ਅਚਰਜ ਸਾਧੋ ਕੌਣ ਕਹਾਵੇ
ਇਹ ਅਚਰਜ ਸਾਧੋ ਕੌਣ ਕਹਾਵੇ
ਛਿਨ ਛਿਨ ਰੂਪ ਕਿਤੋਂ ਬਣ ਆਵੇ

ਮੱਕਾ ਲੰਕਾ ਸਹਿਦੇਵ ਕੇ ਭੇਤ, ਦੋਊ ਕੋ ਏਕ ਬਤਾਵੇ
ਜਬ ਜੋਗੀ ਤੁਮ ਵਸਲ ਕਰੋਗੇ, ਬਾਂਗ ਕਹੈ ਭਾਵੇਂ ਨਾਦ ਵਜਾਵੇ
ਭਗਤੀ ਭਗਤ ਨਤਾਰੋ ਨਾਹੀਂ, ਭਗਤ ਸੋਈ ਜਿਹੜਾ ਮਨ ਭਾਵੇ
ਹਰ ਪਰਗਟ ਪਰਗਟ ਹੀ ਦੇਖੋ, ਕਿਆ ਪੰਡਤ ਫਿਰ ਬੇਦ ਸੁਨਾਵੇ
ਧਿਆਨ ਧਰੋ ਇਹ ਕਾਫ਼ਰ ਨਾਹੀਂ, ਕਿਆ ਹਿੰਦੂ ਕਿਆ ਤੁਰਕ ਕਹਾਵੇ
ਜਬ ਦੇਖੂੰ ਤਬ ਓਹੀ ਓਹੀ, ਬੁੱਲ੍ਹਾ ਸ਼ੌਹ ਹਰ ਰੰਗ ਸਮਾਵੇ

ਇਹ ਅਚਰਜ ਸਾਧੋ ਕੌਣ ਕਹਾਵੇ
ਛਿਨ ਛਿਨ ਰੂਪ ਕਿਤੋਂ ਬਣ ਆਵੇ

29. ਇਹ ਦੁਖ ਜਾ ਕਹੂੰ ਕਿਸ ਆਗੇ
ਇਹ ਦੁਖ ਜਾ ਕਹੂੰ ਕਿਸ ਆਗੇ,
ਰੋਮ ਰੋਮ ਘਾ ਪ੍ਰੇਮ ਕੇ ਲਾਗੇ

ਇਕ ਮਰਨਾ ਦੂਜਾ ਜੱਗ ਦੀ ਹਾਸੀ
ਕਰਤ ਫਿਰਤ ਨਿੱਤ ਮੋਹੀ ਰੇ ਮੋਹੀ

ਕੌਣ ਕਰੇ ਮੋਹੇ ਸੇ ਦਿਲਜੋਈ
ਸ਼ਾਮ ਪੀਆ ਮੈਂ ਦੇਤੀ ਹੂੰ ਧਰੋਈ

ਦੁੱਖ ਜੱਗ ਕੇ ਮੋਹੇ ਪੂਛਣ ਆਏ
ਜਿਨ ਕੋ ਪੀਆ ਪਰਦੇਸ ਸਿਧਾਏ

ਨਾ ਪੀਆ ਜਾਏ ਨਾ ਪੀਆ ਆਏ
ਇਹ ਦੁੱਖ ਜਾ ਕਹੂੰ ਕਿਸ ਜਾਏ

ਬੁੱਲ੍ਹਾ ਸ਼ਾਹ ਘਰ ਪਿਆਰਿਆ
ਇਕ ਘੜੀ ਕੋ ਕਰਨ ਗੁਜ਼ਾਰਿਆ
ਤਨ ਮਨ ਧਨ ਜੀਆ ਤੈਂ ਪਰ ਵਾਰਿਆ

ਇਹ ਦੁਖ ਜਾ ਕਹੂੰ ਕਿਸ ਆਗੇ,
ਰੋਮ ਰੋਮ ਘਾ ਪ੍ਰੇਮ ਕੇ ਲਾਗੇ

30. ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਯਾਰ
ਘੁੰਘਟ ਖੋਲ੍ਹ ਮੁੱਖ ਵੇਖ ਨਾ ਮੇਰਾ,
ਐਬ ਨਿਮਾਣੀ ਦੇ ਕੱਜ ਯਾਰ
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਯਾਰ

ਮੈਂ ਅਣਜਾਣੀ ਤੇਰਾ ਨੇਹੁੰ ਕੀ ਜਾਣਾਂ,
ਲਾਵਣ ਦਾ ਨਹੀਂ ਚੱਜ ਯਾਰ
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਯਾਰ

ਹਾਜੀ ਲੋਕ ਮੱਕੇ ਨੂੰ ਜਾਂਦੇ,
ਸਾਡਾ ਹੈਂ ਤੂੰ ਹੱਜ ਯਾਰ
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਯਾਰ

ਡੂੰਘੀ ਨਦੀ ਤੇ ਤੁਲਾਹ ਪੁਰਾਣਾ,
ਮਿਲਸਾਂ ਕਿਹੜੇ ਪੱਜ ਯਾਰ
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਯਾਰ

ਬੁੱਲ੍ਹਾ ਸ਼ੌਹ ਮੈਂ ਜ਼ਾਹਰ ਡਿੱਠਾ,
ਲਾਹ ਮੂੰਹ ਤੋਂ ਲੱਜ ਯਾਰ
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਯਾਰ

No comments:

Post a Comment